ਸਤਪਾਲ ਰਾਮਗੜ੍ਹੀਆ
ਪਿਹੋਵਾ, 28 ਅਕਤੂਬਰ
ਇਥੇ ਉਪ ਮੰਡਲ ਅਫ਼ਸਰ ਸੋਨੂੰ ਰਾਮ ਨੇ ਦੱਸਿਆ ਕਿ ਸਬ-ਡਵੀਜ਼ਨ ਪਿਹੋਵਾ ’ਚ ਡੀ.ਏ.ਪੀ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕੋਈ ਵੀ ਖਾਦ ਵਿਕਰੇਤਾ ਜਾਂ ਡੀਲਰ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਪਿਹੋਵਾ ਦੇ ਸਾਰੇ ਖਾਦ ਵਿਕਰੇਤਾਵਾਂ ਦੇ ਰਿਕਾਰਡ ਦੇ ਨਾਲ-ਨਾਲ ਖਾਦ ਡੀਲਰਾਂ ਦੇ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਮੌਕੇ ’ਤੇ ਢਿੱਲੋਂ ਖਾਦ ਕੋਲ 125 ਬੋਰੀਆਂ ਡੀ.ਏ.ਪੀ ਦੇ ਸਟਾਕ ਵਜੋਂ ਮਿਲੀਆਂ, ਜੋ ਮੌਕੇ ’ਤੇ ਹੀ ਕਿਸਾਨਾਂ ਵਿੱਚ ਵੰਡੀਆਂ ਗਈਆਂ। ਉਨ੍ਹਾਂ ਸਮੂਹ ਖਾਦ ਡੀਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਰਕਾਰੀ ਰੇਟਾਂ ’ਤੇ ਡੀ.ਏ.ਪੀ ਖਾਦ ਵੰਡਣ ਲਈ ਕਿਹਾ। ਸਰਕਾਰ ਵੱਲੋਂ ਨਿਰਧਾਰਿਤ ਖਾਦ ਦੀ ਕੀਮਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਅਤੇ ਨਿਰਧਾਰਿਤ ਕੀਮਤ ਤੋਂ ਵੱਧ ਖਾਦ ਵੇਚਣ ਵਾਲੇ ਵਿਕਰੇਤਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਡੀਏਪੀ ਖਾਦ ਦਾ ਸਰਕਾਰੀ ਰੇਟ 1200 ਰੁਪਏ ਤੋਂ ਵੱਧ ਨਾ ਦੇਵੇ। ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਲੈਣੀ ਚਾਹੀਦੀ ਹੈ। ਜੇਕਰ ਕਿਸੇ ਵੀ ਖਾਦ ਵਿਕਰੇਤਾ ਵੱਲੋਂ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਅਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।