ਪੱਤਰ ਪ੍ਰੇਰਕ
ਰਤੀਆ, 18 ਜੁਲਾਈ
ਨਗਰ ਕੌਂਸਲ ਦੇ ਕਰਮਚਾਰੀਆਂ ਨੇ ਅੱਜ ਸਿੰਗਲ ਯੂਜ਼ ਪਲਾਸਟਿਕ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਬਾਜ਼ਾਰ ਵਿਚ ਕਈ ਦੁਕਾਨਦਾਰਾਂ ਦੇ ਚਲਾਨ ਕਰਦੇ ਹੋਏ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਜ਼ੁਰਮਾਨਾ ਵਸੂਲ ਕੀਤਾ ਗਿਆ। ਕਾਰਵਾਈ ਦੀ ਅਗਵਾਈ ਸਫ਼ਾਈ ਨਿਰੀਖਕ ਰਾਹੁਲ ਕੁਮਾਰ ਨੇ ਕੀਤੀ, ਇਸ ਦੌਰਾਨ ਉਨ੍ਹਾਂ ਨਾਲ ਸਫ਼ਾਈ ਦਰੋਗਾ ਮੁਕੇਸ਼ ਕੁਮਾਰ, ਭੂਪ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
ਰਾਹੁਲ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਪੌਲੀਥੀਨ ’ਤੇ ਬੈਨ ਲਗਾਇਆ ਗਿਆ ਹੈ। ਸਰਕਾਰ ਦੇ ਨਿਰਦੇਸ਼ ਅਨੁਸਾਰ ਇਹ ਪਲਾਸਟਿਕ ਵੇਚਣ ਵਾਲੇ ਦੁਕਾਨਦਾਰਾਂ ’ਤੇ ਇੱਕ ਲੱਖ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ। ਸਰਕਾਰ ਦੇ ਫ਼ੈਸਲੇ ਨੂੰ ਦੇਖਦੇ ਹੋਏ ਐੱਸਡੀਐੱਮ ਵੱਲੋਂ ਉਨ੍ਹਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤਹਿਤ ਅੱਜ ਕਈ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਰੱਖਣ ਵਾਲਿਆਂ ਨੂੰ ਹਜ਼ਾਰਾਂ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਪਲਾਸਟਿਕ ਨੂੰ ਜ਼ਬਤ ਵੀ ਕੀਤਾ ਗਿਆ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੇ ਨਿਰਦੇਸ਼ ਅਨੁਸਾਰ ਸਿੰਗਲ ਯੂਜ਼ ਪਲਾਸਟਿਕ ਨੂੰ ਆਪਣੀਆਂ ਦੁਕਾਨਾਂ ’ਤੇ ਨਾ ਰੱਖਣ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਟੀਮ ਜਦੋਂ ਚਲਾਨ ਕਰਨ ਪਹੁੰਚੀ ਤਾਂ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ’ਤੇ ਪਏ ਪਲਾਸਟਿਕ ਲਿਫਾਫਿਆਂ ਨੂੰ ਦੁਕਾਨ ਤੋਂ ਬਾਹਰ ਭੇਜ ਦਿੱਤਾ। ਕਈ ਦੁਕਾਨਦਾਰਾਂ ਨੇ ਕਾਰਵਾਈ ਦੇ ਡਰ ਤੋਂ ਪਹਿਲਾਂ ਹੀ ਪਾਬੰਦੀਸ਼ੁਦਾ ਲਿਫਾਫਿਆਂ ਦੀ ਜਗ੍ਹਾ ’ਤੇ ਕੱਪੜੇ ਨਾਲ ਬਣੇ ਬੈਗ ਰੱਖੇ ਹੋਏ ਸਨ।