ਦਵਿੰਦਰ ਸਿੰਘ
ਯਮੁਨਾਨਗਰ, 28 ਅਗਸਤ
ਕਰਨਾਲ ਵਿੱਚ ਮੁੱਖ ਮੰਤਰੀ ਅਤੇ ਭਾਜਪਾ ਆਗੂਆਂ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਖ਼ਿਲਾਫ਼ ਕਿਸਾਨਾਂ ਨੇ ਅੱਜ ਯਮੁਨਾਨਗਰ ਟੌਲ ਪਲਾਜ਼ਾ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਕਿਸਾਨ ਨੇਤਾ ਸੰਜੂ ਗੁੰਦਿਆਨਾ ਨੇ ਕਿਹਾ ਕਿ ਇਹ ਸਰਕਾਰ ਅਤੇ ਪੁਲੀਸ ਦੀ ਗੁੰਡਾਗਰਦੀ ਹੈ। ਸਰਕਾਰ ਕਿਸਾਨਾਂ ’ਤੇ ਜ਼ੁਲਮ ਕਰਨ ’ਤੇ ਉਤਰ ਆਈ ਹੈ। ਇਸ ਦੌਰਾਨ ਉਨ੍ਹਾਂ ਹਰਿਆਣਾ ਅਤੇ ਨਾਲ ਲੱਗਦੇ ਰਾਜਾਂ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਅਗਲੀ ਰਣਨੀਤੀ ਤੱਕ ਸੜਕਾਂ ’ਤੇ ਜਾਮ ਜਾਰੀ ਰੱਖਣ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਪਾਲ ਕੌਸ਼ਿਕ, ਕਾਂਗਰਸ ਨੇਤਾ ਸੁਰੇਸ਼ ਢਾਂਡਾ ਅਤੇ ਗੁਰਦਿਆਲ ਪੁਰੀ ਨੇ ਕਿਸਾਨਾਂ ’ਤੇ ਹੋਏ ਲਾਠੀ ਚਾਰਜ ਦੀ ਨਿੰਦਾ ਕਰਦਿਆਂ ਇਸ ਘਟਨਾ ਨੂੰ ਦੁਖਦਾਈ ਕਰਾਰ ਦਿੱਤ। ਉਨ੍ਹਾਂ ਸਰਕਾਰ ਨੂੰ ਅਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਵੀ ਅਪੀਲ ਕੀਤੀ ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਕਰਨਾਲ ਵਿੱਚ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਖ਼ਬਰ ਮਿਲਦਿਆਂ ਹੀ ਰੋਹ ਵਿੱਚ ਆਏ ਕਿਸਾਨ ਪਰਿਵਾਰਾਂ ਸਣੇ ਸੜਕਾਂ ’ਤੇ ਧਰਨਿਆਂ ਉੱਤ ਬੈਠ ਗਏ ਹਨ। ਜਾਣਕਾਰੀ ਮੁਤਾਬਿਕ ਟੋਹਾਣਾ-ਰਤੀਆ ਦੇ ਮੁੱਖ ਚੌਕ ਕੁਲਾਂ ਵਿੱਚ ਧਾਰਸੁਲ ਕਲਾਂ, ਧਾਰਸੂਲ ਖੁਰਦ, ਅਕਾਂਵਾਲੀ, ਸਲੇਮਪੁਰੀ, ਦਿਵਾਨਾ, ਢੇਰ, ਰੱਤਾਥੇਹ ਦੇ ਕਿਸਾਨਾਂ ਨੇ ਰਾਤ ਵਾਸਤੇ ਲੰਗਰ ਬਣਾਉਣਾ ਆਰੰਭ ਕਰ ਦਿੱਤਾ ਹੈ। ਕਿਸਾਨ ਮੋਰਚੇ ਦੇ ਆਦੇਸ਼ ਤੱਕ ਕਿਸਾਨਾਂ ਨੇ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਜਾਖਲ-ਕੁਲਾਂ ਸੜਕ ’ਤੇ ਪਿੰਡ ਤਲਵਾੜਾ ਵਿੱਚ ਕਿਸਾਨ ਔਰਤਾਂ ਤੇ ਨੌਜਵਾਨ ਧਰਨੇ ’ਤੇ ਬੈਠੇ ਹਨ। ਇਸੇ ਤਰ੍ਹਾਂ ਟੋਹਾਣਾ ਦੇ ਟਾਊਨ ਪਾਰਕ ਹਿਸਾਰ-ਕਨੰੜ੍ਹੀ ਰੋਡ ’ਤੇ ਧਰਨਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੌਮੀ ਸੜਕ-9 ਅਤੇ ਸਿਰਸਾ-ਚੰਡੀਗੜ੍ਹ ਸੜਕ ’ਤੇ ਪਿੰਡ ਢਾਣੀ ਗੋਪਾਲ ਚੌਕ ਵਿੱਚ ਧਰਨਾ ਜਾਰੀ ਹੈ। ਗੱਲਬਾਤਰ ਕਰਦਿਆਂ ਮਨਦੀਪ ਨੱਥਵਾਨ, ਜਗਤਾਰ ਸਿੰਘ, ਜੱਗੀ ਮਹਿਲ, ਲਾਭ ਸਿੰਘ ਤੇ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲੇ ਸੰਦੇਸ਼ ਵਿੱਚ ਪੰਜ ਵਜੇ ਤਕ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਨਵੇਂ ਆਦੇਸ਼ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਚਲੇਗਾ। ਕਿਸਾਨ ਜਥੇਬੰਦੀਆਂ ਨੇ ਲਾਠੀਚਾਰਜ ਦਾ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਸਯੁੰਕਤ ਕਿਸਾਨ ਮੋਰਚੇ ਦੇ ਹੁਣ ’ਤੇ ਹੀ ਸੜਕਾਂ ਖਾਲੀ ਕੀਤੀਆਂ ਜਾਣਗੀਆਂ।
ਪਿਹੋਵਾ (ਸਤਪਾਲ ਰਾਮਗੜ੍ਹੀਆ): ਕਰਨਾਲ ਦੇ ਬਸਤਰ ਟੌਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਲਾਏ ਜਾਮ ਨੂੰ ਖੁੱਲ੍ਹਵਾਉਣ ਲਈ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਮਗਰੋਂ ਕਿਸਾਨਾਂ ਵਿੱਚ ਭਾਰੀ ਰੋਸ ਹੈ। ਇਸ ਦੇ ਵਿਰੋਧ ‘ਚ ਕਿਸਾਨਾਂ ਨੇ ਅੱਜ ਅੰਬਾਲਾ- ਹਿਸਾਰ ਮਾਰਗ ’ਤੇ ਪਿਹੋਵਾ ਥਾਣਾ ਟੌਲ ਪਲਾਜ਼ਾ ਜਾਮ ਕਰ ਕੇ ਭਾਜਪਾ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਜੱਲ੍ਹਿਆਂਵਾਲਾ ਬਾਗ ਦੀ ਘਟਨਾ ਯਾਦ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਵੇਲੇ ਜਿਸ ਤਰ੍ਹਾਂ ਜੱਲ੍ਹਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਉਸ ਤਰ੍ਹਾਂ ਅੱਜ ਸਰਕਾਰ ਦੇ ਹੁਕਮਾਂ ‘ਤੇ ਪੁਲੀਸ ਪ੍ਰਸ਼ਾਸਨ ਨੇ ਨਿਹੱਥੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਉੱਚ ਅਧਿਕਾਰੀਆਂ ਦੇ ਹੁਕਮ ਪ੍ਰਾਪਤ ਨਹੀਂ ਹੁੰਦੇ, ਅੰਬਾਲਾ ਹਿਸਾਰ ਹਾਈਵੇ ਜਾਮ ਰੱਖਿਆ ਜਾਵੇਗਾ।
ਕਿਸਾਨਾਂ ਨੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਦੀ ਅਗਵਾਈ ਹੇਠ ਉਤਰਾਖੰਡ ਦੇ ਬਾਜਪੁਰ ਵਿੱਚ ਕਿਸਾਨਾਂ ਨੇ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਤਾਪ ਸਿੰਘ ਸੰਧੂ, ਸੰਨੀ ਨਿੱਝਰ, ਵਿੱਕੀ ਰੰਧਾਵਾ, ਅਮਰਜੀਤ ਸਿੰਘ ਸੰਧੂ, ਪੂਰਨ ਸਿੰਘ ਕੱਨ੍ਹਈਆ ਸਿੰਘ, ਪਰਮਜੀਤ ਗੁਰਾਇਆ, ਗੁਰਜੀਤ ਸਿੰਘ ਸੋਹੀ, ਰਵੀ ਬੜੂਆ ਤੇ ਖੇਮ ਕਰਨ ਸੈਣੀ ਆਦਿ ਕਿਸਾਨ ਹਾਜ਼ਰ ਸਨ ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰਾਂ ਖ਼ਿਲਾਫ਼ ਜੰਮ ਕੇ ਨਾਹਰੇਬਾਜ਼ੀ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਵੀ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂਂ ‘ਤੇ ਕਿਸਾਨਾਂ ਨੂੰ ਜੇਲ੍ਹੀਂ ਭੇਜ, ਲਾਠੀਚਾਰਜ ਕਰਕੇ ਵੀ ਸੰਘਰਸ਼ ਨਹੀਂ ਦਬਾਇਆ ਜਾ ਸਕੇਗਾ। ਹੱਕ ਮੰਗਦੇ ਲੋਕਾਂ ਦੇ ਸੰਘਰਸ਼ਾਂ ਨੂੰ ਜਾਬਰ ਹੱਥਕੰਡਿਆਂ ਰਾਹੀਂ ਰੋਕਣਾ ਮਹਿੰਗਾ ਪੈਂਦਾ ਰਿਹਾ ਹੈ। ਹੁਣ ਵੀ ਸੰਘਰਸ਼ ਕਰਦੇ ਲੋਕ ਰੁਕਣਗੇ ਨਹੀਂ, ਸਗੋਂ ਹਕੂਮਤੀ ਜਬਰ ਸੰਘਰਸ਼ਸ਼ੀਲ ਕਾਫਲਿਆਂ ਦੀ ਖੁਰਾਕ ਬਣੇਗਾ ਅਤੇ ਸੰਘਰਸ਼ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਤਿੱਖਾ ਅਤੇ ਵਿਸ਼ਾਲ ਹੋਵੇਗਾ।