ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 3 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਪਲਵਲ ਵਿੱਚ ਮੁੜ ਤੋਂ ਸ਼ੁਰੂ ਹੋਏ ਕਿਸਾਨ ਮੋਰਚੇ ਦੌਰਾਨ 6 ਫਰਵਰੀ ਦੇ ਚੱਕਾ ਜਾਮ ਦੀ ਵਿਉਂਤਬੰਦੀ ਕੀਤੀ ਗਈ। ਇਹ ਮੋਰਚਾ 1 ਫਰਵਰੀ ਤੋਂ ਮੁੜ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਨੇੜਲੇ ਇਲਾਕਿਆਂ ਦੇ ਕਿਸਾਨਾਂ ਨੇ ਉਥੇ ਡੇਰੇ ਲਾ ਲਏ ਹਨ। ਉਨ੍ਹਾਂ ਨੌਜਵਾਨਾਂ ਨੂੰ ਉਚੇਚੇ ਤੌਰ ’ਤੇ ਬੇਨਤੀ ਕੀਤੀ ਕਿ ਉਹ ਚੱਕਾ ਜਾਮ ਨੂੰ ਸ਼ਾਂਤਮਈ ਰਹਿ ਕੇ ਸਫ਼ਲ ਬਣਾਉਣ। ਕਿਸਾਨ ਆਗੂਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਦ੍ਰਿੜ੍ਹਤਾ ਪ੍ਰਗਟਾਈ ਅਤੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੋਰਚੇ ’ਚ ਵਧ-ਚੜ੍ਹ ਕੇ ਸ਼ਾਮਲ ਹੋਣ। ਹੁਣ ਮਥੁਰਾ, ਆਗਰਾ, ਕੋਸੀ ਤੋਂ ਇਲਾਵਾ ਮੱਧ ਭਾਰਤ ਤੋਂ ਵੀ ਕਿਸਾਨਾਂ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਦੀ ਹਾਮੀ ਭਰੀ ਹੈ। ਪਹਿਲਾਂ ਇੱਥੇ ਮੱਧ ਪ੍ਰਦੇਸ਼ ਤੋਂ ਆ ਕੇ ਕਿਸਾਨਾਂ ਨੇ ਮੋਰਚਾ ਗੱਡ ਦਿੱਤਾ ਸੀ ਪਰ 26 ਜਨਵਰੀ ਦੀਆਂ ਘਟਨਾਵਾਂ ਮਗਰੋਂ ਇਲਾਕੇ ਦੇ ਕੁਝ ਲੋਕਾਂ ਨੇ ਕੌਮੀ ਮਾਰਗ ਖੋਲ੍ਹਣ ਲਈ ਦਬਾਅ ਪਾ ਦਿੱਤਾ ਸੀ ਜਿਸ ਕਰਕੇ ਕਿਸਾਨ ਪਰਤ ਗਏ ਸਨ।