ਪੱਤਰ ਪ੍ਰੇਰਕ
ਫਰੀਦਾਬਾਦ, 27 ਜੂਨ
ਗੁਰਬਾਣੀ ਵਿਚਾਰ ਸੁਸਾਇਟੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਸੈਕਟਰ 21-ਸੀ ਦੇ ਕਮਿਊਨਿਟੀ ਕੇਂਦਰ ਵਿੱਚ ਹੋਏ ਇਸ ਸਮਾਗਮ ਦੌਰਾਨ ਕੀਰਤਨ ਕੀਤਾ ਗਿਆ। ਇਸਤਰੀ ਸਤਿਸੰਗ ਸਭਾ ਵੱਲੋਂ ਵੀ ਕੀਰਤਨ ਨਾਲ ਹਾਜ਼ਰੀ ਭਰੀ ਗਈ। ਪੰਜਾਬੀ ਕਹਾਣੀਕਾਰ ਸੁਰਿੰਦਰ ਸਿੰਘ ਓਬਰਾਏ ਨੇ ਦੱਸਿਆ ਕਿ ਇਹ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਸਾਇਟੀ ਵੱਲੋਂ ਉਲੀਕਿਆ ਗਿਆ ਸੀ ਤੇ ਇਲਾਕੇ ਦੀ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਬੰਦਾ ਸਿੰਘ ਬਹਾਦਰ ਦੇ ਸਿੱਖ ਕੌਮ ਲਈ ਕੀਤੇ ਕਾਰਜਾਂ ਅਤੇ ਉਨ੍ਹਾਂ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਗਿਆ।
ਇਸ ਮੌਕੇ ਸੈਕਟਰ-48 ਤੋਂ ਸੁੁਰਿੰਦਰ ਸਿੰਘ, ਰਾਕੇਸ਼ ਭਾਟੀਆ, ਜੇਐੱਸ ਚੱਢਾ ਤੇ ਸੁਰਿੰਦਰ ਸਿੰਘ ਕੱਕੜ ਵੀ ਸ਼ਾਮਲ ਹੋਏ। ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਅਸਲ ਵਿੱਚ ਸਿੱਖੀ ਫਲਸਫ਼ੇ ਦੇ ਅਨੁਰੂਪ ਕਾਰਜ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਤੇ ਦਿੱਲੀ ਉਨ੍ਹਾਂ ਦੀ ਸ਼ਹਾਦਤ ਦੀ ਗਵਾਹ ਬਣੀ।