ਸਤਪਾਲ ਰਾਮਗੜ੍ਹੀਆ
ਪਿਹੋਵਾ, 10 ਮਈ
ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਕਰੋਨਾ ਦੀ ਰੋਕਥਾਮ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਫੇਲ੍ਹ ਸਾਬਿਤ ਹੋਈ ਹੈ। ਲੋਕਾਂ ਨੂੰ ਸਰਕਾਰ ਨੇ ਉਨ੍ਹਾਂ ਦੇ ਹਾਲਾਤ ’ਤੇ ਛੱਡ ਦਿੱਤਾ ਹੈ। ਅਜਿਹੇ ਵਿੱਚ ਲੋਕਾਂ ਨੂੰ ਆਪਣੀ ਲੜਾਈ ਹੁਣ ਖੁਦ ਲੜਨੀ ਪਵੇਗੀ। ਰਣਦੀਪ ਸੁਰਜੇਵਾਲਾ ਕਾਂਗਰਸ ਆਗੂ ਅਮਨ ਚੀਮਾ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਚਿਤਾਵਨੀ ਨਾ ਮੰਨਣ ਵਾਲੇ ਪ੍ਰਧਾਨ ਮੰਤਰੀ ਨੂੰ ਪਹਿਲੀ ਵਾਰ ਇਨ੍ਹਾਂ ਬੇਬਸ ਦੇਖਿਆ ਹੈ ਕਿ ਉਸ ਦੀ ਗਲਤ ਨੀਤੀਆਂ ਦਾ ਨਤੀਜ਼ਾ ਪੂਰਾ ਦੇਸ਼ ਭੁਗਤ ਰਿਹਾ ਹੈ। ਹਰ ਰੋਜ਼ ਹਸਪਤਾਲਾਂ ਵਿੱਚ ਆਕਸੀਜਨ ਨਾ ਮਿਲਣ ਕਰਕੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ ਅਤੇ ਗਿਣਤੀ ਵੀ ਘੱਟ ਦੱਸੀ ਜਾ ਰਹੀ ਹੈ। ਹਸਪਤਾਲਾਂ ਵਿੱਚ ਵੈਂਟੀਲੇਟਰ ਨਹੀਂ ਹਨ। ਸੁਰਜੇਵਾਲਾ ਨੇ ਪੀਐਮ ਕੇਅਰ ਫੰਡ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਇਸ ਫੰਡ ਦੇ ਜ਼ਰੀਏ ਕਰੋੜਾਂ ਰੁਪਏ ਇੱਕਠੇ ਕੀਤੇ ਸੀ , ਪਰ ਉਸ ਪੈਸੇ ਨੂੰ ਕਿੱਥੇ ਖਰਚ ਕੀਤਾ ਗਿਆ। ਇਸ ਦਾ ਕੋਈ ਹਿਸਾਬ ਨਹੀਂ ਹੈ। ਇਸ ਤੋਂ ਬਾਅਦ ਸ੍ਰੀ ਸੁਰਜੇਵਾਲਾ ਨੇ ਪਿਹੋਵਾ ਅਤੇ ਇਸਮਾਈਲਾਬਾਦ ਦੇ ਹਸਪਤਾਲਾਂ ਵਿੱਚ ਮਾਸਕ, ਸੈਨੀਟਾਈਜ਼ਰ ਅਤੇ ਪੀਪੀਈ ਕਿੱਟਾਂ ਵੰਡੀਆਂ ਅਤੇ ਹਸਪਤਾਲਾਂ ਦਾ ਨਿਰੀਖਣ ਕੀਤਾ।