ਅੰਬਾਲਾ: ਅੰਬਾਲਾ ਦੀ ਅਦਾਲਤ ਦੇ ਵਕੀਲ ਸ਼ੁਭਮ ਅਗਰਵਾਲ ਨੇ ਆਪਣੇ ਮੁਵੱਕਿਲ ਅਤੇ ਉਸ ਦੀ ਸਾਥੀ ਮਹਿਲਾ ’ਤੇ ਫ਼ੀਸ ਨਾ ਦੇਣ ਦਾ ਮਾਮਲਾ ਦਰਜ ਕਰਾਇਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ੁਭਮ ਨੇ ਕਿਹਾ ਹੈ ਕਿ ਛਾਉਣੀ ਦੇ ਰਾਮਪੁਰ ਖੇਤਰ ਦਾ ਸਿਮਰਨਜੀਤ ਸਿੰਘ ਕੁਝ ਸਮਾਂ ਪਹਿਲਾਂ ਨਾਹਨ ਦੀ ਇਕ ਸ਼ਾਦੀਸ਼ੁਦਾ ਮੁਟਿਆਰ ਨੂੰ ਭਜਾ ਕੇ ਲੈ ਆਇਆ ਸੀ ਅਤੇ ਉਸ ਨਾਲ ਲਿਵ-ਇਨ ਰਿਲੇਸ਼ਨ ਵਿਚ ਰਹਿ ਰਿਹਾ ਸੀ। ਉਸ ਨੇ ਇਨ੍ਹਾਂ ਦੋਹਾਂ ਦਾ ਕੇਸ ਲੜਿਆ ਸੀ ਜਿਸ ਲਈ ਫ਼ੀਸ ਇਕ ਲੱਖ 10 ਹਜ਼ਾਰ ਰੁਪਏ ਤੈਅ ਹੋਈ ਸੀ। ਇਸ ਵਿਚੋਂ ਮੁਵੱਕਲ ਨੇ ਕੇਵਲ 10 ਹਜ਼ਾਰ ਰੁਪਏ ਹੀ ਦਿੱਤੇ ਸਨ ਅਤੇ ਬਾਕੀ ਦੀ ਰਕਮ ਲਈ ਟਾਲਦਾ ਰਿਹਾ। ਵਕੀਲ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਕਿਹਾ ਹੈ ਕਿ ਮੁਲਜ਼ਮ ਨੇ ਕੰਪਿਊਟਰ ਤੇ ਗੁਗਲ ਪੇ ਦੀ ਫ਼ਰਜ਼ੀ ਰਸੀਦ ਬਣਵਾ ਕੇ ਰਕਮ ਦੀ ਅਦਾਇਗੀ ਕਰਨ ਦਾ ਦਾਅਵਾ ਕੀਤਾ ਜਦੋਂ ਕਿ ਅਸਲ ਵਿਚ ਕੋਈ ਫ਼ੀਸ ਅਦਾ ਹੀ ਨਹੀਂ ਕੀਤੀ ਗਈ। ਵਕੀਲ ਦੀ ਸ਼ਿਕਾਇਤ ਤੇ ਪੁਲੀਸ ਨੇ ਸਿਮਰਨਜੀਤ ਅਤੇ ਉਸ ਦੀ ਸਾਥੀ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-ਨਿੱਜੀ ਪੱਤਰ ਪ੍ਰੇਰਕ