ਪੱਤਰ ਪ੍ਰੇਰਕ
ਰਤੀਆ, 21 ਮਈ
ਸ਼ਹਿਰੀ ਪੁਲੀਸ ਨੇ ਹਾਈਕੋਰਟ ਦੇ ਵਕੀਲ ’ਤੇ ਹਮਲਾ ਕਰਨ ਅਤੇ ਲੁੱਟਖੋਹ ਕਰਨ ਦੇ ਦੋਸ਼ ਹੇਠ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਜੀਤ ਨਗਰ ਵਾਸੀ ਜਸਬੀਰ ਸਿੰਘ ਨੇ ਸ਼ਹਿਰ ਥਾਣਾ ਵਿੱਚ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹ ਚੰਡੀਗੜ੍ਹ ਹਾਈਕੋਰਟ ਵਿੱਚ ਵਕਾਲਤ ਕਰਦਾ ਹੈ ਅਤੇ ਬੀਤੇ ਦਿਨ ਉਹ ਆਪਣੇ ਦੋਸਤ ਅਜੈ ਤੇ ਆਪਣੇ ਡਰਾਈਵਰ ਬਲਾਹਾਰ ਸਿੰਘ ਨਾਲ ਮਹਾਰਾਜਾ ਹੋਟਲ ਵਿਚ ਖਾਣਾ ਖਾਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਹੋਟਲ ਤੋਂ ਬਾਹਰ ਨਿਕਲੇ ਤਾਂ ਇਸੇ ਦੌਰਾਨ 10-12 ਨੌਜਵਾਨ ਆਪਣੇ ਹੱਥਾਂ ਵਿੱਚ ਡੰਡੇ ਅਤੇ ਤਲਵਾਰ ਆਦਿ ਲੈ ਕੇ ਆਏ ਤੇ ਉਸ ਦਾ ਮੋਬਾਈਲ ਫੋਨ ਖੋਹਣ ਲੱਗੇ, ਜਦੋਂ ਉਸ ਨੇ ਮੋਬਾਈਲ ਨਹੀਂ ਦਿੱਤਾ ਤਾਂ ਉਸ ’ਤੇ ਇਕ ਲੜਕੇ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਦੋਂ ਕਿ 2-3 ਲੜਕਿਆਂ ਨੇ ਉਸ ਨੂੰ ਫੜ ਲਿਆ। ਬਾਅਦ ਵਿਚ ਉਹ ਮੋਬਾਈਲ ਅਤੇ ਪਰਸ ਖੋਹ ਕੇ ਉਥੋਂ ਭੱਜ ਗਏ।