ਰਤੀਆ (ਪੱਤਰ ਪ੍ਰੇਰਕ): ਪਿੰਡ ਨਾਗਪੁਰ ਵਿੱਚ ਇੱਕ ਫੈਕਟਰੀ ’ਚ ਸੱਤ ਮਜ਼ਦੂਰਾਂ ਦੇ ਝੁਲਸਣ ਦੇ ਮਾਮਲੇ ਵਿੱਚ ਪੁਲੀਸ ਨੇ ਫੈਕਟਰੀ ਮਾਲਕ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਝੁਲਸੇ ਪਰਵਾਸੀ ਮਜ਼ਦੂਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਉਕਤ ਫੈਕਟਰੀ ਵਿੱਚ ਠੇਕੇਦਾਰ ਸੁਨੀਲ ਕੁਮਾਰ ਕੋਲ ਕੰਮ ਕਰਦੇ ਸਨ। ਇਸ ਦੌਰਾਨ ਫੈਕਟਰੀ ਮਾਲਕ ਤੇ ਠੇਕੇਦਾਰ ਨੇ ਫੈਕਟਰੀ ਵਿੱਚ ਬਣੇ ਬੁਆਇਲਰਾਂ ਵਿੱਚ ਟਾਇਰਾਂ ਦੇ ਤੇਲ ਕੱਢਣ ਲਈ ਕਿਹਾ, ਜਿਵੇਂ ਹੀ ਉਹ ਇਹ ਟਾਇਰ ਸਾੜਨ ਲੱਗੇ ਤਾਂ ਵਿਚਾਲ ਦੇ ਬੁਆਇਲਰ ਦਾ ਢੱਕਣ ਖੋਲ੍ਹਣ ’ਤੇ ਉਸ ’ਚੋਂ ਇੱਕਦਮ ਅੱਗ ਨਿਕਲੀ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਫੈਕਟਰੀ ਮਾਲਕਾਂ ਦੀ ਲਾਪ੍ਰਵਾਹੀ ਨਾਲ ਵਾਪਰਿਆ ਹੈ। ਪੁਲੀਸ ਨੇ ਦੱਸਿਆ ਕਿ ਰੂਪ ਕਿਸ਼ੋਰ ਦੀ ਸ਼ਿਕਾਇਤ ’ਤੇ ਫੈਕਟਰੀ ਮਾਲਕ ਸੁਰੇਸ਼ ਕੁਮਾਰ, ਨਰਸੀ ਰਾਮ, ਸੁਨੀਲ ਕੁਮਾਰ ਅਤੇ ਕੈਲਾਸ਼ ਚੰਦਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।