ਪੱਤਰ ਪ੍ਰੇਰਕ
ਰਤੀਆ, 9 ਦਸੰਬਰ
ਨੇੜਲੇ ਪਿੰਡ ਨੰਗਲ ਵਿੱਚ ਰਸਤਾ ਰੋਕ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਬੇਝੇ ਲੱਖਾ ਰਾਮ ਅਤੇ ਸੁਨੀਲ ਕੁਮਾਰ ’ਤੇ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਪਿੰਡ ਦੀ ਔਰਤ ਦੇਵੀ ਬਾਈ ਨੇ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦਾ ਲੜਕਾ ਭਰਤ ਨਿਰੰਤਰ ਲਗਾਤਾਰ ਲੱਖਾ ਰਾਮ ਦੀ ਪਤਨੀ ਨਾਲ ਫੋਨ ’ਤੇ ਗੱਲਬਾਤ ਕਰਦਾ ਸੀ, ਜਦੋਂ ਰਾਤ ਸਮੇਂ ਉਹ ਘਰ ਦੇ ਅੱਗੇ ਖੜ੍ਹਾ ਸੀ ਤਾਂ ਲੱਖਾ ਰਾਮ ਅਤੇ ਉਸਦੇ ਲੜਕੇ ਸੁਨੀਲ ਕੁਮਾਰ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਚਲੇ ਗਏ। ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਇੱਟ ਨਾਲ ਵਾਰ ਕਰਕੇ ਸਿਰ ’ਤੇ ਸੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਅਤੇ ਹਾਲਤ ਗੰਭੀਰ ਦੱਸਣ ’ਤੇ ਅਗੋਹਾ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।