ਪ੍ਰਭੂ ਦਿਆਲ
ਸਿਰਸਾ, 28 ਮਈ
ਇਥੋਂ ਦੇ ਬਾਬਾ ਭੂਮਣ ਸ਼ਾਹ ਚੌਕ ’ਚ ਪੁਲੀਸ ਵੱਲੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਨੂੰ ਜਾਂਦੀ ਸੜਕ ’ਤੇ ਲਾਏ ਗਏ ਬੈਰੀਕੇਡ 26 ਮਈ ਨੂੰ ਕਾਲਾ ਦਿਵਸ ਮਨਾਉਣ ਸਮੇਂ ਕਿਸਾਨਾਂ ਵੱਲੋਂ ਤੋੜੇ ਜਾਣ ’ਤੇ ਪੁਲੀਸ ਵੱਲੋਂ ਡੇਢ ਸੌ ਅਣਪਛਾਤੇ ਕਿਸਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਪੁਲੀਸ ਇੰਸਪੈਕਟਰ ਜਤਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਕਿਸਾਨ ਆਗੂ ਸਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਲੱਖਾ, ਰਾਮ ਚੰਦਰ ਕੰਬੋਜ ਆਦਿ ਆਗੂਆਂ ਨੇ ਪੁਲੀਸ ਵੱਲੋਂ ਕਿਸਾਨਾਂ ’ਤੇ ਦਰਜ ਕੀਤੇ ਗਏ ਪਰਚੇ ਦੀ ਨਿੰਦਾ ਕਰਦਿਆਂ ਤੁਰੰਤ ਪਰਚਾ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।