ਪੱਤਰ ਪ੍ਰੇਰਕ
ਏਲਨਾਬਾਦ, 20 ਅਕਤੂਬਰ
ਪਿੰਡ ਅੰਮ੍ਰਿਤਸਰ ਖੁਰਦ ਦੇ ਗੁਰਦੁਆਰਾ ਸੱਚ ਖੰਡ ਵਿੱਚ ਪਿਛਲੇ ਦਿਨੀਂ ਨਾਮਧਾਰੀ ਤੇ ਸਿੱਖ ਸੰਗਤ ਵਿਚਕਾਰ ਰਹਿਤ ਮਰਿਆਦਾ ਸਬੰਧੀ ਹੋਏ ਝਗੜੇ ਵਿੱਚ ਪੁਲੀਸ ਨੇ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਰਾਧੇ ਸ਼ਿਆਮ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮਲਕੀਤ ਸਿੰਘ ਪੁੱਤਰ ਊਧਮ ਸਿੰਘ ਵਾਸੀ ਅੰਮ੍ਰਿਤਸਰ ਖੁਰਦ ਦੀ ਸ਼ਿਕਾਇਤ ’ਤੇ ਦਿਲਬਾਗ ਸਿੰਘ, ਦਿਲਰਾਜ ਸਿੰਘ, ਦਲੇਰ ਸਿੰਘ, ਹਰਜੀਤ ਸਿੰਘ, ਤੇਜਪਾਲ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਗੁਰਦਿਆਲ ਸਿੰਘ, ਜੋਬਨਪ੍ਰੀਤ ਸਿੰਘ ਤੇ 7 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਅੱਠ ਮਹੀਨਿਆਂ ਤੋਂ ਇਥੇ ਨਾਮਧਾਰੀ ਪੰਥ ਨਾਲ ਸਬੰਧਤ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਚੱਲਣ ਵਾਲੀ ਸੰਗਤ ਵਿਚਾਲੇ ਵਿਵਾਦ ਚੱਲ ਰਿਹਾ ਹੈ, ਜਿਸ ਦੌਰਾਨ ਬੀਤੀ 17 ਅਕਤੂਬਰ ਨੂੰ ਦੋਵੇਂ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਚਾਰ ਲੋਕ ਜ਼ਖ਼ਮੀ ਹੋ ਗਏ ਸਨ। ਮਸਲੇ ਦੇ ਹੱਲ ਲਈ 18 ਨਵੰਬਰ ਨੂੰ ਸਿਰਸਾ ਦੇ ਗੁਰਦੁਆਰੇ ਵਿੱਚ ਦੋਵੇਂ ਧਿਰਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾਈ ਗਈ ਹੈ।