ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਆਲ ਇੰਡੀਆ ਕਿਸਾਨ ਫੈਡਰੇਸ਼ਨ ਦਾ ਜਥਾ ਅੱਜ ਇੱਥੇ ਸਿੰਘੂ ਬਾਰਡਰ ਪਹੁੰਚਿਆ। ਇਹ ਜਥਾ ਕਾਰਾਂ ਦੇ ਕਾਫ਼ਲੇ ਰਾਹੀਂ ਅੱਜ ਸਵੇਰੇ 11 ਵਜੇ ਸ਼ੰਭੂ ਬਾਰਡਰ ਪੰਜਾਬ ਤੋਂ ਰਵਾਨਾ ਹੋਇਆ ਸੀ। ਇਸ ਦੀ ਅਗਵਾਈ ਜਥੇਬੰਦੀ ਦੇ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭੰਗੂ ਨੇ ਕਿਹਾ ਕਿ ਕਿਸਾਨਾਂ ਦਾ ਜਜ਼ਬਾ ਤੇ ਗ਼ੁੱਸਾ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਨੂੰ ਭੰਨ ਦੇਵੇਗਾ ਤੇ ਇਸ ਨੂੰ ਜਨ ਸ਼ਕਤੀ ਰਾਹੀਂ ਖੇਤੀ ਕਾਨੂੰਨ ਰੱਦ ਕਰਨ ਤੇ ਐੱਮਐੱਸਪੀ ਦਾ ਕਾਨੂੰਨੀ ਹੱਕ ਦੇਣ ਲਈ ਮਜਬੂਰ ਕਰੇਗਾ। ਉਨ੍ਹਾਂ ਕਿਹਾ ਕਿ 27 ਸਤੰਬਰ ਦਾ ਭਾਰਤ ਬੰਦ ਲਾਮਿਸਾਲ ਹੋਵੇਗਾ। ਉਨ੍ਹਾਂ ਪੰਜਾਬ ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਭੜਕਾਊ ਅਤੇ ਧਮਕੀ ਭਰੇ ਬਿਆਨ ਦੀ ਨਿੰਦਾ ਕਰਦੇ ਕਿਹਾ ਕਿ ਲੋਕ ਅਜਿਹੇ ਨੇਤਾ ਨੂੰ ਸਬਕ ਸਿਖਾਉਣਾ ਜਾਣਦੇ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਿਸਾਨਾਂ ਨੂੰ ਧਰਨੇ ਵਾਲ਼ੀਆਂ ਥਾਂਵਾਂ ਖਾਲ਼ੀ ਕਰਵਾਉਣ ਲਈ ਚਾਰ ਸਰਕਾਰਾਂ ਨੂੰ ਜਾਰੀ ਕੀਤੇ ਨੋਟਿਸਾਂ ਦਾ ਪ੍ਰੇਮ ਸਿੰਘ ਭੰਗੂ ਨੇ ਖੰਡਨ ਕੀਤਾ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਏਪੀਐੱਮਸੀ ਐਕਟ ਤਹਿਤ ਬਣੀਆਂ ਮੰਡੀਆਂ ਦਾ ਬਾਕੀ ਸੂਬਿਆਂ ਵਿੱਚ ਵਿਸਥਾਰ ਕਰਨ ਦੀ ਥਾਂ ਮੌਜੂਦਾ ਸਮੇਂ ਚੱਲ ਰਹੀਆਂ ਮੰਡੀਆਂ ਦਾ ਭੋਗ ਪਾਉਣ ਦਾ ਫ਼ੈਸਲਾ ਕਰ ਲਿਆ ਹੈ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਸਿੰਘੂ ਬਾਰਡਰ ’ਤੇ ਰੋਸ ਮਾਰਚ
ਨਵੀਂ ਦਿੱਲੀ (ਪੱਤਰ ਪ੍ਰੇਰਕ): ਹਰਿਆਣਾ ਸਰਕਾਰ ਵੱਲੋਂ ਸਿੰਘੂ ਬਾਰਡਰ ਦਾ ਰਾਸਤਾ ਖਾਲੀ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਿੰਘੂ ਬਾਰਡਰ ’ਤੇ ਸਟੇਜ ਤੱਕ ਰੋਸ ਮਾਰਚ ਕੱਢਦਿਆਂ ਸਰਕਾਰ ਦੇ ਹਰ ਜ਼ੁਲਮ ਤੇ ਧੱਕੇਸਾਹੀ ਦਾ ਮੁਕਾਬਲਾ ਕਰਨ ਲਈ ਤਿਆਰ ਹੋਣ ਦਾ ਸਬੂਤ ਦਿੱਤਾ । ਮਾਰਚ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ ਅਤੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ , ਸੂਬਾ ਆਗੂ ਸੁਰਿੰਦਰ ਬੈਂਸ ਨੇ ਕਰਦਿਆਂ ਕਿਹਾ ਕਿ ਸਰਕਾਰ ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਜੋ ਬਾਰਡਰਾਂ ਉਪਰ ਲੱਗੇ ਮੋਰਚਿਆਂ ਨੇੜੇ ਰਹਿਣ ਵਾਲੇ ਲੋਕ ਕਿਸਾਨਾਂ ਦੇ ਖ਼ਿਲਾਫ਼ ਹੋ ਜਾਣ। ਆਪਣੇ ਚਹੇਤਿਆਂ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਸੁਪਰੀਮ ਕੋਰਟ ਵਿੱਚ ਪਾਈ ਰਿੱਟ ਵਿੱਚ ਅਜਿਹੇ ਦੋਸ਼ ਲਾਏ ਹਨ। ਅਸਲੀਅਤ ਇਹ ਹੈ ਕਿ ਕਿਸਾਨ ਪਿਛਲੇ ਸਾਲ 26 ਨਵੰਬਰ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਜਾ ਰਹੇ ਸਨ। ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨੇ ਕਿਸਾਨਾਂ ਅੱਗੇ ਭਾਰੀ ਬੈਰੀਕੇਡ ਲਗਾ ਕੇ ਸੜਕਾਂ ਪੁੱਟ ਕੇ ਖੁਦ ਕਿਸਾਨਾਂ ਨੂੰ ਇੱਥੇ ਰੁਕਣ ਲਈ ਮਜਬੂਰ ਕੀਤਾ। ਕਿਸਾਨਾਂ ਨੇ ਅੰਦੋਲਨ ਵਿੱਚੋਂ ਦੀ ਆਮ ਲੋਕਾਂ ਅਤੇ ਐਮਰਜੈਂਸੀ ਸੇਵਾਵਾਂ ਲਈ ਰਸਤਾ ਪਹਿਲਾਂ ਹੀ ਛੱਡਿਆ ਹੋਇਆ ਹੈ।
ਪ੍ਰਾਈਵੇਟ ਮੰਡੀਆਂ ਨਾਲ ਪੇਂਡੂ ਵਿਕਾਸ ’ਚ ਖੜੋਤ ਆਵੇਗੀ: ਡਾ. ਗਿਆਨ ਸਿੰਘ
ਨਵੀਂ ਦਿੱਲੀ (ਪੱਤਰ ਪ੍ਰੇਰਕ): ਖੇਤੀਬਾੜੀ ਮਾਮਲਿਆਂ ਦੇ ਮਾਹਿਰ ਡਾ ਗਿਆਨ ਸਿੰਘ ਨੇ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਿਆਂ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਭਾਜਪਾ ਆਗੂ ਸੱਤਾ ਦੇ ਨਸ਼ੇ ਵਿੱਚ ਕਿਸਾਨਾਂ ਖ਼ਿਲਾਫ਼ ਘਟੀਆ ਪ੍ਰਚਾਰ ਕਰ ਕੇ ਸਮਾਜ ਵਿਚ ਨਫਰਤ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਖੇਤੀ ਜਿਣਸਾਂ ਦੀ ਖ਼ਰੀਦਕਾਰੀ ਲਈ ਪ੍ਰਾਈਵੇਟ ਮੰਡੀਆਂ ਨੂੰ ਆਗਿਆ ਦੇਣ ਅਤੇ ਕੰਟਰੈਕਟ ਖੇਤੀ ਬਾਰੇ ਕਾਨੂੰਨ ਜਿੱਥੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਦਾ ਉਜਾੜਾ ਕਰਨਗੇ, ਉੱਥੇ ਇਨ੍ਹਾਂ ਨਾਲ ਪੇਂਡੂ ਵਿਕਾਸ ਵਿਚ ਖੜੋਤ ਆਵੇਗੀ।