ਪੱਤਰ ਪ੍ਰੇਰਕ
ਗੂਹਲਾ ਚੀਕਾ, 17 ਜੂਨ
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੇ ਗੂਹਲਾ ਚੀਕਾ ਦੇ ਵਾਸੀ ਭਾਜਪਾ ਜੇਜੇਪੀ ਦੀ ਸਾਂਝੀ ਉਮੀਦਵਾਰ ਡਾ. ਰੇਖਾ ਰਾਣੀ ਨੂੰ ਨਗਰ ਪਾਲਿਕਾ ਚੀਕਾ ਦੀ ਚੇਅਰਪਰਸਨ ਬਣਾ ਕੇ ਭੇਜਣ ਤਾਂ ਚੀਕਾ ਸ਼ਹਿਰ ਦੇ ਵਿਕਾਸ ਦੀ ਰਫਤਾਰ ਦੁੱਗਣੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਦੁਸ਼ਯੰਤ ਚੌਟਾਲਾ ਪਿੰਡ ਚੀਕਾ ਦੇ ਖੇੜਾ ਚੌਕ ਵਿੱਚ ਰੇਖਾ ਰਾਣੀ ਦੇ ਹੱਕ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡੇਢ ਸਾਲ ਤੋਂ ਕਰੋਨਾ ਦੇ ਬਾਵਜੂਦ ਸੂਬਾ ਸਰਕਾਰ ਨੇ ਗੂਹਲਾ ਚੀਕਾ ਲਈ ਕਰੀਬ ਪੰਜ ਸੌ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪੀਡਲ ਤੋਂ ਟਾਟੀਆਣਾ ਤੱਕ ਬਣਨ ਵਾਲੇ ਬਾਈਪਾਸ ਲਈ 56 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਲਗਪਗ ਇੰਨੀ ਹੀ ਰਾਸ਼ੀ ਇਸ ਦੇ ਨਿਰਮਾਣ ’ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੀਕਾ ਸ਼ਹਿਰ ਦੇ ਚਾਰੇ ਰਸਤਿਆਂ ਦੇ ਐਸਟੀਮੇਟ ਤਿਆਰ ਕਰ ਲਏ ਗਏ ਹਨ, ਛੇਤੀ ਹੀ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਜੇਜੇਪੀ ਦੇ ਜ਼ਿਲ੍ਹਾ ਪ੍ਰਧਾਨ ਧੂਪ ਸਿੰਘ ਮਾਜਰਾ, ਜੇਜੇਪੀ ਭਾਜਪਾ ਦੀ ਸਾਂਝੀ ਉਮੀਦਵਾਰ ਰੇਖਾ ਰਾਣੀ, ਜੇਜੇਪੀ ਬੁੱਧੀਜੀਵੀ ਸੈੱਲ ਦੇ ਸੂਬਾ ਪ੍ਰਧਾਨ ਪ੍ਰੋ. ਰਣਧੀਰ ਸਿੰਘ, ਸਾਬਕਾ ਵਿਧਾਇਕ ਫੂਲ ਸਿੰਘ ਖੇੜੀ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਹਲਕਾ ਪ੍ਰਧਾਨ ਅਵਤਾਰ ਸੀੜਾ ਨੇ ਕੀਤਾ।