ਨਵੀਂ ਦਿੱਲੀ, 3 ਅਕਤੂਬਰ
ਚੋਣ ਕਮਿਸ਼ਨ ਨੇ ਅੱਜ ਛੇ ਸੂਬਿਆਂ ਵਿੱਚ ਖਾਲੀ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ 3 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਚੋਣ ਪੈਨਲ ਨੇ ਕਿਹਾ ਕਿ ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਹੋਵੇਗੀ। ਚੋਣਾਂ ਸਬੰਧੀ ਨੋਟੀਫਿਕੇਸ਼ਨ 7 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਇਸ ਤਹਿਤ ਬਿਹਾਰ ਵਿੱਚ ਮੋਕਾਮਾ ਤੇ ਗੋਪਾਲਗੰਜ, ਮਹਾਰਾਸ਼ਟਰ ਵਿੱਚ ਅੰਧੇਰੀ (ਪੂਰਬੀ), ਹਰਿਆਣਾ ਵਿੱਚ ਆਦਮਪੁਰ, ਤਿਲੰਗਾਨਾ ਵਿੱਚ ਮੁਨੂਗੋਡੇ, ਉੱਤਰ ਪ੍ਰਦੇਸ਼ ਵਿੱਚ ਗੋਲਾ ਗੋਰਖਨਾਥ ਅਤੇ ਉੜੀਸਾ ਦੇ ਧਾਮਨਗਰ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਆਦਮਪੁਰ ਸੀਟ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਵੱਲੋਂ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਈ ਹੈ। ਚੋਣਾਂ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਸਾਰੇ ਹਲਕਿਆਂ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਬਿਸ਼ਨੋਈ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਚੋਣਾਂ ਲਈ ਨਾਮਜ਼ਦਗੀਆਂ 14 ਅਕਤੂਬਰ ਤੱਕ ਦਿੱਤੀਆਂ ਜਾ ਸਕਣਗੀਆਂ। 17 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ ਹੋਵੇਗੀ। ਜ਼ਿਮਨੀ ਚੋਣਾਂ ਪਹਿਲੀ ਜਨਵਰੀ, 2022 ਤੱਕ ਫਾਈਨਲ ਕੀਤੀ ਗਈ ਵੋਟਰ ਸੂਚੀ ਦੇ ਅਧਾਰ ਉਤੇ ਹੋਣਗੀਆਂ। ਸਾਰੇ ਚੋਣ ਕੇਂਦਰਾਂ ਉਤੇ ਈਵੀਐਮ ਦੇ ਨਾਲ ਵੀਵੀਪੈਟ ਲਾਏ ਜਾਣਗੇ। ਦੱਸਣਯੋਗ ਹੈ ਕਿ ਅੰਧੇਰੀ (ਪੂਰਬੀ), ਗੋਲਾ ਗੋਰਖਨਾਥ, ਗੋਪਾਲਗੰਜ ਅਤੇ ਧਾਮਨਗਰ ਸੀਟਾਂ ਵਿਧਾਇਕਾਂ ਦੇ ਦੇਹਾਂਤ ਕਾਰਨ ਖਾਲੀ ਹੋਈਆਂ ਹਨ। ਇਸੇ ਤਰ੍ਹਾਂ ਮੋਕਾਮਾ ਸੀਟ ਮੌਜੂਦਾ ਵਿਧਾਇਕ ਨੂੰ ਇੱਕ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਖਾਲੀ ਹੋਈ ਹੈ। ਸੂਤਰਾਂ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਲਈ ਚੋਣਾਂ ਦਾ ਐਲਾਨ ਵੀ ਜਲਦੀ ਹੋ ਸਕਦਾ ਹੈ। -ਪੀਟੀਆਈ