ਟੋਹਾਣਾ (ਪੱਤਰ ਪ੍ਰੇਰਕ): ਈਦ ਵਾਲੇ ਦਿਨ 11 ਅਪਰੈਲ ਨੂੰ ਕਨੀਨਾ ਵਿੱਚ ਨਿੱਜੀ ਸਕੂਲ ਦੇ 6 ਵਿਦਿਆਰਥੀਆਂ ਦੀਆਂ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਫ਼ਰਾਰ ਚਲ ਰਹੇ ਸਕੂਲ ਮਾਲਕ ਰਾਜਿੰਦਰ ਲੋਡਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਨ ’ਤੇ ਪੰਜ-ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਮੁਤਾਬਕ ਲੋਡਾ ਦਾ ਬੇਟਾ ਸੁਭਾਸ਼ ਅਜੇ ਵੀ ਫ਼ਰਾਰ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ’ਚ ਪੁਲੀਸ ਟੀਮ ਨੇ ਹੁਣ ਤੱਕ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਪ੍ਰਿੰਸੀਪਲ ਦੀਪਤੀ ਯਾਦਵ, ਸਕੱਤਰ ਹੁਸ਼ਿਆਰ ਸਿੰਘ, ਬੱਸ ਡਰਾਈਵਰ ਧਰਮਿੰਦਰ ਤੇ ਉਸ ਨਾਲ ਸ਼ਰਾਬ ਪੀਣ ਵਾਲੇ ਨੀਟੂ ਉਰਫ਼ ਹਰੀਸ਼, ਸੰਦੀਪ ਤੇ ਨਰੇਸ਼ ਉਰਫ਼ ਕਾਲੀਆਂ ਤੇ ਭੁਦੇਵ ਸ਼ਾਮਲ ਹਨ। ਐਸ.ਪੀ. ਵਰਮਾ ਦੇ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਸੁਭਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਰਿਆਣਾ ਰੋਡਵੇਜ਼ ਦੇ ਅਧਿਕਾਰੀਆਂ ਨੇ ਹਾਦਸਾਗ੍ਰਸਤ ਬੱਸ ਦਾ ਨਿਰੀਖਣ ਕਰ ਕੇ ਹਾਦਸੇ ਦੇ ਕਾਰਨਾਂ ਦੀ ਰਿਪੋਰਟ ਤਿਆਰ ਕਰ ਕੇ ਰੋਡਵੇਜ਼ ਮੰਤਰੀ ਅਸ਼ੀਮ ਗੋਇਲ ਨੂੰ ਸੌਂਪ ਦਿੱਤੀ ਹੈ। ਸਰਕਾਰ ਨੇ ਸਕੂਲ ਬੱਸ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਸੂਬੇ ਦੇ ਨਿੱਜੀ ਸਕੂਲਾਂ ਦੀਆਂ ਬੱਸਾਂ, ਵਾਹਨਾਂ ਦੀ ਸਪੈਸ਼ਲ ਚੈਕਿੰਗ ਲਈ ਟੀਮਾਂ ਬਣਾਈਆਂ ਹਨ, ਜੋ ਕਿ ਕੰਡਮ ਬੱਸਾਂ ਨੂੰ ਥਾਣੇ ਬੰਦ ਕਰ ਰਹੀਆਂ। ਟੀਮਾਂ ਵੱਲੋਂ ਅਗਲੇ ਦਿਨੀਂ ਚੈਕਿੰਗ ਜਾਰੀ ਰਹੇਗੀ।