ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਅਪਰੈਲ
ਇੱਥੇ ਪਿੰਡ ਸੂਜਰੀ ਵਿਚ ਅੱਜ ਕਲਾਲ ਮਾਜਰਾ ਦੇ ਕਿਸਾਨ ਗੁਰਚਰਨ ਸਿੰਘ ਦੇ ਦੋ ਏਕੜ ਵਿਚ ਕਣਕ ਦੇ ਖੜ੍ਹੇ ਨਾੜ ਤੇ 6 ਏਕੜ ਕਣਕ ਦੀ ਤੂੜੀ ਦੇ ਦੋ ਕੁਪ ਸੜ ਕੇ ਸੁਆਹ ਹੋ ਗਏ। ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਦੇ ਅਮਲੇ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਚੱਲ ਰਹੀ ਤੇਜ਼ ਹਵਾ ਕਰਕੇ ਜੇ ਅੱਗ ’ਤੇ ਛੇਤੀ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਦੇ ਖੇਤਾਂ ਵਿਚ ਖੜ੍ਹੀ ਕਈ ਏਕੜ ਕਣਕ ਦੀ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਸੀ। ਇਸੇ ਦੌਰਾਨ ਕਿਸਾਨਾਂ ਨੇ ਕਣਕ ਦੀ ਖੜ੍ਹੀ ਫਸਲ ਕੰਬਾਈਨ ਮਸ਼ੀਨ ਨਾਲ ਕਟਵਾਈ। ਅੱਗ ਨੂੰ ਬੁਝਾਉਣ ਵਿਚ ਲਗੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਪਾਣੀ ਅੱਧ ਵਿਚਾਲੇ ਖਤਮ ਹੋ ਜਾਣ ਕਰਕੇ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦ ਤੱਕ ਗਡੀ ਦੁਬਾਬਾ ਪਾਣੀ ਲੈ ਕੇ ਆਉਂਦੀ ਕਿਸਾਨਾਂ ਨੇ ਅੱਗ ਬੁਝਾਉਣ ਦੇ ਯਤਨ ਜਾਰੀ ਰੱਖੇ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਉਸ ਦੇ ਖੇਤ ਸੜਕ ਦੇ ਨਾਲ ਹਨ ਤੇ ਸੜਕ ’ਤੇ ਜਾ ਰਹੇ ਕਿਸੇ ਰਾਹਗੀਰ ਦੀ ਬੀੜੀ ਆਦਿ ਦੀ ਚਿੰਗਾਰੀ ਨਾਲ ਸ਼ਾਇਦ ਇਹ ਭਾਣਾ ਵਰਤ ਗਿਆ ਹੋਵੇ। ਇਸ ਕਾਰਲ ਕਣਕ ਦੇ ਨਾੜ ਨੂੰ ਅੱਗ ਲਗੀ ਹੋਵੇ। ਅੱਗ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਦੇ ਯਤਨ ਕਰਨ ਲੱਗੇ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪੁੱਜ ਗਈ ਤੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ 80 ਤੋਂ 90 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੇਂਡੂਆਂ ਨੇ ਸਰਕਾਰ ਤੋਂ ਪੀੜਤ ਕਿਸਾਨ ਲਈ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।