ਜਗਤਾਰ ਸਮਾਲਸਰ
ਏਲਨਾਬਾਦ, 29 ਸਤੰਬਰ
ਇਥੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਾਥੂਸਰੀ ਚੌਪਟਾ ਵਲੋਂ ਅੱਜ ਨਸ਼ਾ ਤਸਕਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਹ ਕਾਰਵਾਈ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਮਨਜੀਤ ਸਿੰਘ ਦੀ ਦੇਖਰੇਖ ਹੇਠ ਪਿੰਡ ਲੁਦੇਸਰ, ਢੂਕੜਾ, ਹੰਜੀਰਾ, ਰਾਜਪੁਰਾ, ਕੈਰਾਂਵਾਲੀ, ਤਰਕਾਂਵਾਲੀ ਅਤੇ ਰੁਪਾਣਾ ਬਿਸ਼ਨੋਈਆਂ ਵਿੱਚ ਕੀਤੀ ਗਈ। ਇਸ ਦੌਰਾਨ ਪੁਲੀਸ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੀ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਾਥੂਸਰੀ ਚੌਪਟਾ ਯੁੱਧਵੀਰ ਸੰਧੂ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਪੁਲੀਸ ਵਿਭਾਗ ਵੱਲੋਂ ਕੀਤੀ ਗਈ ਸੀ। ਜਾਂਚ ਦੌਰਾਨ ਅਜਿਹੇ ਲੋਕਾਂ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਲੁਦੇਸਰ ਵਿੱਚ ਕੁਲਦੀਪ, ਢੂਕੜਾ ਵਿੱਚ ਨਰੇਸ਼, ਹੰਜੀਰਾ ਵਿੱਚ ਸੁਰਿੰਦਰ, ਰਾਜਪੁਰਾ ਕੈਰਾਂਵਾਲੀ ਵਿੱਚ ਰਵੀ, ਤਰਕਾਂਵਾਲੀ ਵਿੱਚ ਸੁਨੀਲ, ਰੁਪਾਣਾ ਬਿਸ਼ਨੋਈਆਂ ਵਿੱਚ ਰਿੰਕੂ ਅਤੇ ਮਦਨ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ। ਇਸ ਮੌਕੇ ਐੱਸਐੱਚਓ ਰਾਜਾ ਰਾਮ, ਐੱਸਈਪੀਓ ਹਰੀਸ਼ ਕੁਮਾਰ, ਪੰਚਾਇਤ ਸਕੱਤਰ ਚੰਦਰਕਾਂਤਾ, ਜਮਾਲ ਚੌਕੀ ਇੰਚਾਰਜ ਰਾਮ ਕੁਮਾਰ ਸਣੇ ਵੱਡੀ ਗਿਣਤੀ ਵਿੱਚ ਪੁਲੀਸ ਮੌਜੂਦ ਰਹੀ।
ਸਾਢੇ ਅੱਠ ਕਿੱਲੋ ਭੁੱਕੀ ਸਣੇ ਤਿੰਨ ਔਰਤਾਂ ਗ੍ਰਿਫ਼ਤਾਰ
ਕਾਲਾਂਵਾਲੀ (ਪੱਤਰ ਪ੍ਰੇਰਕ): ਇਥੇ ਥਾਣਾ ਔਢਾਂ ਪੁਲੀਸ ਨੇ ਤਿੰਨ ਔਰਤਾਂ ਨੂੰ 8 ਕਿਲੋ 500 ਗ੍ਰਾਮ ਭੁੱਕੀ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਔਰਤਾਂ ਦੀ ਪਛਾਣ ਗੁਰਦੇਵ ਕੌਰ ਉਰਫ ਮੂਰਤੀ, ਕਿਰਨ ਕੌਰ ਉਰਫ ਭੋਲੀ ਅਤੇ ਬਲਵੰਤ ਕੌਰ ਉਰਫ ਵੀਰਪਾਲ ਵਾਸੀ ਦੇਸੂ ਮਲਕਾਣਾ ਵਜੋਂ ਹੋਈ ਹੈ। ਥਾਣਾ ਔਢਾਂ ਦੇ ਇੰਚਾਰਜ ਕਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਤਿੰਨੋਂ ਔਰਤਾਂ ਨੂੰ ਕਾਬੂ ਕੀਤਾ ਹੈ। ਗੁਰਦੇਵ ਕੌਰ ਅਤੇ ਕਿਰਨ ਕੌਰ ਪਾਸੋਂ ਤਿੰਨ ਕਿੱਲੋ ਚੂਰਾ ਪੋਸਤ ਅਤੇ ਬਲਵੰਤ ਕੌਰ ਪਾਸੋਂ ਦੋ ਕਿੱਲੋ 500 ਗ੍ਰਾਮ ਭੁੱਕੀ ਬਰਾਮਦ ਕਰ ਕੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।