ਟੋਹਾਣਾ (ਗੁਰਦੀਪ ਸਿੰਘ ਭੱਟੀ): ਇੱਥੋਂ ਦੇ ਪਿੰਡ ਕੰਡੂਲ ਦੇ ਦੋ ਸਕੇ ਭਰਾਵਾਂ ਵਿੱਚ ਹੋਏ ਮਾਮੂਲੀ ਵਿਵਾਦ ਮਗਰੋਂ ਮਹਬਿੂਬ ਨਾਂ ਦੇ ਵਿਅਕਤੀ ਨੇ ਆਪਣੇ ਵੱਡੇ ਭਰਾ ਜਗਸੀਰ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਕਲਾਨਾ ਦੀ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜਗਸੀਰ ਦੀ ਪਤਨੀ ਦੀਨਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਹਬਿੂਬ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਅਨੁਸਾਰ ਦੋਹਾਂ ਭਰਾਵਾਂ ਦਾ ਵਿਹੜਾ ਸਾਂਝਾ ਹੈ। ਜਗਸੀਰ ਨੇ ਆਪਣੇ ਵਿਹੜੇ ’ਚ ਨਵਾਂ ਪਖਾਨਾ ਬਣਾਉਣ ਲਈ ਮਹਬਿੂਬ ਕੋਲ ਜਮ੍ਹਾਂ ਪਈ ਰੇਤ ਤੇ ਕਰੱਸ਼ਰ ਦੀ ਮੰਗ ਕੀਤੀ ਸੀ। ਮਹਬਿੂਬ ਵੱਲੋਂ ਇਨਕਾਰ ਕਰਨ ’ਤੇ ਤਕਰਾਰ ਹੋ ਗਈ ਤੇ ਮਹਬਿੂਬ ਨੇ ਕੁਹਾੜੀ ਨਾਲ ਜਗਸੀਰ ਦਾ ਕਤਲ ਕਰ ਦਿੱਤਾ। ਪੋਸਟਮਾਰਟਮ ਮਗਰੋਂ ਪੁਲੀਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।