ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਮਾਰਚ
ਹਰਿਆਣਾ ਰਾਜ ਚੌਕਸੀ ਬਿਊਰੋ ਦੀ ਟੀਮ ਵੱਲੋਂ ਉਤਰ ਹਰਿਆਣਾ ਬਿਜਲੀ ਵਿਤਰਣ ਨਿਗਮ ਬਾਬੈਨ ਦੇ ਦਫਤਰ ਵਿਚ ਐੱਸਡੀਓ ਦੇ ਸਹਾਇਕ ਨੂੰ ਬਿਜਲੀ ਨਿਗਮ ਦੇ ਠੇਕੇਦਾਰ ਤੋਂ ਲੇਬਰ ਦੇ ਬਿੱਲ ਪਾਸ ਕਰਨ ਦੇ ਇਵਜ਼ ਵਿਚ 15 ਹਜਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਸ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮਾਮਲੇ ਵਿਚ ਦੂਜਾ ਮੁਲਜ਼ਮ ਐੱਸਡੀਓ ਅਜੇ ਪੁਲੀਸ ਗ੍ਰਿਫਤ ਤੋਂ ਬਾਹਰ ਹੈ ਜਿਸ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਬਾਬੈਨ ਵਿਚ ਨੌਕਰੀ ਕਰ ਰਹੇ ਐੱਸਡੀਓ ਤੇ ਉਸ ਦੇ ਸਹਾਇਕ ਨੇ ਬਿਜਲੀ ਨਿਗਮ ਦੇ ਸਰਕਾਰੀ ਠੇਕੇਦਾਰ ਵੱਲੋਂ ਕੀਤੇ ਗਏ ਕੰਮ ਦੇ ਲੇਬਰ ਬਿੱਲ ਪਾਸ ਕਰਨ ਲਈ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਦੀ ਸ਼ਿਕਾਇਤ ਠੇਕੇਦਾਰ ਨੇ ਰਾਜ ਚੌਕਸੀ ਬਿਊਰੋ ਨੂੰ ਦਿੱਤੀ ਸੀ। ਟੀਮ ਨੇ ਪਵਨ ਕੁਮਾਰ ਨੂੰ ਦਸਤਖਤ ਕਰਕੇ ਰੁਪਏ ਦਿੱਤੇ ਤੇ ਠੇਕੇਦਾਰ ਨੇ ਨਿਗਮ ਦਫਤਰ ਵਿਚ ਜਾ ਕੇ ਐੱਸਡੀਓ ਨੂੰ ਰਕਮ ਦੇ ਦਿੱਤੀ ਤੇ ਟੀਮ ਨੂੰ ਇਸ਼ਾਰਾ ਕਰ ਦਿੱਤਾ। ਇਸੇ ਦੌਰਾਨ ਐੱਸਡੀਓ ਚਾਂਦ ਰਾਮ ਨੂੰ ਭਿਣਕ ਪੈ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਟੀਮ ਨੇ ਸਹਾਇਕ ਦੇਵੇਂਦਰ ਕੁਮਾਰ ਨੂੰ ਮੌਕੇ ’ਤੇ ਨਕਦੀ ਸਣੇ ਰੰਗੇ ਹੱਥੀਂ ਕਾਬੂ ਕਰ ਲਿਆ। ਰਾਜ ਚੌਕਸੀ ਬਿਊਰੋ ਦੇ ਏਐੱਸਆਈ ਨੇ ਮੁਲਜ਼ਮ ਦੇਵੇਂਦਰ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਇਕ ਰੋਜ਼ਾ ਪੁਲੀਸ ਰਿਮਾਂਡ ਲੈ ਲਿਆ ਹੈ।