ਰਤਨ ਸਿੰਘ ਢਿੱਲੋਂ
ਅੰਬਾਲਾ, 26 ਦਸੰਬਰ
ਕ੍ਰਿਸਮਸ ਦੀ ਰਾਤ ਨੂੰ ਸ਼ਰਾਰਤੀ ਤੱਤਾਂ ਵੱਲੋਂ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੰਦਿਆਂ ਛਾਉਣੀ ਦੀ ਡੂਰੰਡ ਰੋਡ ਤੇ ਸਥਿਤ ਇਤਿਹਾਸਕ ਹੋਲੀ ਰਿਡੀਮਰ ਕੈਥੋਲਿਕ ਚਰਚ ਵਿਚ ਲੱਗੀ ਈਸਾ ਮਸੀਹ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ। ਇਹ ਮੂਰਤੀ 173 ਸਾਲ ਪੁਰਾਣੇ ਚਰਚ ਦੇ ਮੁੱਖ ਗੇਟ ਦੇ ਵਿਚਕਾਰ ਸਥਾਪਿਤ ਕੀਤੀ ਹੋਈ ਸੀ। ਸੀਸੀਟੀਵੀ ਕੈਮਰੇ ਵਿਚ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਰਾਤ ਕਰੀਬ ਇੱਕ ਵਜੇ ਦਿਖਾਈ ਦਿੱਤੇ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਵਿਚ ਦੋ ਨੌਜਵਾਨ ਚਰਚ ਦਾ ਮੁੱਖ ਗੇਟ ਟੱਪ ਕੇ ਅੰਦਰ ਦਾਖ਼ਲ ਹੁੰਦੇ ਦਿਖਾਈ ਦਿੱਤੇ ਹਨ। ਇਸ ਘਟਨਾ ਨੂੰ ਲੈ ਕੇ ਈਸਾਈ ਭਾਈਚਾਰੇ ਵਿਚ ਰੋਸ ਹੈ।
ਇਸ ਦੌਰਾਨ ਮੌਕੇ ’ਤੇ ਪਹੁੰਚੀ ਵਧੀਕ ਐਸਪੀ ਨੇ ਦੱਸਿਆ ਕਿ ਸਵੇਰੇ ਸੂਚਨਾ ਮਿਲਦਿਆਂ ਹੀ ਡੀਐਸਪੀ, ਐੱਸਐੱਚਓ ਕੈਂਟ ਅਤੇ ਸੀਆਈਏ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਚਰਚ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਸਬੰਧਿਤ ਧਾਰਾ ਤਹਿਤ ਕਾਰਵਾਈ ਕੀਤੀ ਜਾਵੇਗੀ।
ਚਰਚ ਕਮੇਟੀ ਦੇ ਅਹੁਦੇਦਾਰ ਨੇ ਦੱਸਿਆ ਕਿ ਇਹ ਕੈਥੋਲਿਕ ਹੋਲੀ ਰਿਡੀਮਰ ਚਰਚ ਅੰਬਾਲਾ ਛਾਉਣੀ ਦਾ ਸਭ ਤੋਂ ਪੁਰਾਣਾ 1843 ਵਿਚ ਗਾਥਿਕ ਸ਼ੈਲੀ ਵਿਚ ਬਣਿਆ ਚਰਚ ਹੈ।
ਮੁਲਜ਼ਮ ਜਲਦ ਕਾਬੂ ਕੀਤੇ ਜਾਣਗੇ: ਵਿੱਜ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਦੇ ਆਧਾਰ ’ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਤਿੰਨ ਟੀਮਾਂ ਬਣਾ ਦਿੱਤੀਆਂ ਗਈਆਂ ਹਨ।