ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 25 ਸਤੰਬਰ
ਹਰਿਆਣਾ ਦੇ ਦੋ ਅਹਿਮ ਸ਼ਹਿਰਾਂ ਫਰੀਦਾਬਾਦ ਤੇ ਗੁਰੂਗ੍ਰਾਮ ਦੇ ਕੂੜੇ ਨੂੰ ਆਪਣੇ ਵਿੱਚ ਸਮਾਏ ਹੋਏ ਬੰਧਵਾਰੀ ਕੂੜਾ ਸਥਾਨ ਹੁਣ ਇਸ ਇਲਾਕੇ ਦੀ ਧਰੋਹਰ ਅਰਾਵਲੀ ਪਹਾੜੀ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਇੱਥੇ ਰੋਜ਼ਾਨਾ 2 ਹਜ਼ਾਰ ਟਨ ਕੂੜਾ ਇਨ੍ਹਾਂ ਦੋਨਾਂ ਸ਼ਹਿਰਾਂ ਵਿੱਚੋਂ ਭਰਿਆ ਜਾਂਦਾ ਹੈ। ਦੋਵੇਂ ਸ਼ਹਿਰ ਹਰਿਆਣਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਹਨ। ਸੈਂਕੜੇ ਦਰੱਖ਼ਤ ਇਸ ਕੂੜੇ ਦੀ ਜ਼ੱਦ ਵਿੱਚ ਆ ਕੇ ਖਤਮ ਹੋ ਚੁੱਕੇ ਹਨ ਜਿਸ ਕਰਕੇ ਇੱਥੇ ਵਾਤਾਵਰਨ ਅਸੰਤੁਲਨ ਦਾ ਖ਼ਤਰਾ ਬਣ ਗਿਆ ਹੈ। 30 ਏਕੜ ਥਾਂ ਵਿੱਚ ਫੈਲੇ ਕੂੜਾ ਟਿਕਾਣੇ ਲਾਉਣ ਵਾਲੇ ਥਾਂ ਤੋਂ ਇਲਾਵਾ 14.84 ਏਕੜ ਥਾਂ ਅਰਾਵਲੀ ਪੌਦਾ ਲਾਉਣ ਦੀ ਮੁਹਿੰਮ ਤਹਿਤ ਸੁਰੱਖਿਅਤ ਕੀਤਾ ਗਿਆ ਹੈ। ਇਹ ਥਾਂ ਉੱਥੇ ਬਣਾਇਆ ਗਿਆ ਸੀ ਜਿੱਥੇ ਖਾਣ ਦੀ ਖੁਦਾਈ ਨਾਲ 250 ਫੁੱਟ ਡੂੰਘਾ ਟੋਆ ਬਣ ਗਿਆ ਸੀ ਤੇ ਇਹ ਜ਼ਮੀਨਦੋਜ਼ ਪਾਣੀ ਦੇ ਕਰੀਬ ਹੋਣ ਕਰਕੇ ਹੇਠਲੇ ਪਾਣੀ ਵਿੱਚ ਪ੍ਰਦੂਸ਼ਣ ਫੈਲਣ ਦਾ ਡਰ ਬਣ ਗਿਆ ਹੈ। ਇਲਾਕੇ ਵਿੱਚ ਕੂੜੇ ਤੋਂ ਨਿਕਲਣ ਵਾਲੀ ਬਦਬੂ ਕਾਰਨ ਵੀ ਪ੍ਰੇਸ਼ਾਨੀ ਹੁੰਦੀ ਹੈ। ਬੰਧਵਾਰੀ ਲੈਂਡਫਿਲ ਵਿੱਚ ਕਰੀਬ 35 ਲੱਖ ਟਨ ਬਿਨਾਂ ਸੋਧੇ ਮਿਸ਼ਰਤ ਕੂੜਾ-ਕਰਕਟ ਹੋਣ ਦਾ ਅਨੁਮਾਨ ਹੈ ਜੋ 12 ਸਾਲਾਂ ਦੌਰਾਨ ਇੱਥੇ ਇਕੱਠਾ ਹੋ ਚੁੱਕਾ ਹੈ। ਮਾਹਿਰਾਂ ਮੁਤਾਬਕ ਇਸ ਕੂੜੇ ਨਾਲ ਜੰਗਲੀ ਜੀਵਨ, ਮਿੱਟੀ, ਪਾਣੀ ਤੇ ਇਸ ਦੇ ਆਲੇ-ਦੁਆਲੇ ਦੇ ਮਨੁੱਖਾਂ ਉਪਰ ਅਸਰ ਪਾਵੇਗਾ। ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਕੂੜੇ ਦੇ ਵਿਗਿਆਨਕ ਵਿਧੀ ਨਾਲ ਟਿਕਾਣੇ ਲਾਉਣ ਦੀ ਅਵਾਜ਼ ਵੀ ਉਠਾਈ ਗਈ ਪਰ ਇਸ ਦਾ ਹੱਲ ਅਜੇ ਨਹੀਂ ਕੱਢਿਆ ਜਾ ਸਕਿਆ ਹੈ। ਦਿੱਲੀ, ਫਰੀਦਾਬਾਦ ਤੇ ਗੁਰੂਗ੍ਰਾਮ ਵਿਚਾਲੇ ਫੈਲੀ ਅਰਾਵਲੀ ਪਹਾੜੀ ਲਈ ਹਰ ਪੱਖੋਂ ਇਹ ਕੂੜਾ-ਕਰਕਟ ਨੁਕਸਾਨਦੇਹ ਦੱਸਿਆ ਜਾ ਰਿਹਾ ਹੈ।