ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਅਗਸਤ
ਛਾਉਣੀ ਦੇ ਪਿੰਡ ਬਬਿਆਲ ਵਿੱਚ ਦੇਰ ਰਾਤ ਗੁੱਗਾ ਮਾੜੀ ਮੇਲੇ ਦੇ ਆਖ਼ਰੀ ਦਿਨ ਇਕ ਲੜਕੀ ਨਾਲ ਛੇੜਛਾੜ ਤੋਂ ਬਾਅਦ ਦੋ ਧਿਰਾਂ ਵਿਚਾਲੇ ਖ਼ੂਨੀ ਸੰਘਰਸ਼ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸੈਨਿਕ ਵਿਹਾਰ ਕਲੋਨੀ ਦੇ ਇਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕੀਤੇ ਜਾਣ ’ਤੇ ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਕਲੋਨੀ ਦੇ 150 ਤੋਂ 200 ਵਿਅਕਤੀਆਂ ਨੇ ਗੁੱਗਾ ਮਾੜੀ ਕਮੇਟੀ ਦੇ ਮੈਂਬਰਾਂ ਅਤੇ ਸ਼ਰਧਾਲੂਆਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪੁਲੀਸ ਮੁਲਾਜ਼ਮਾਂ ਸਮੇਤ 20 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਝਗੜਾ ਵਧਣ ਤੋਂ ਬਾਅਦ ਪਿੰਡ ਬਬਿਆਲ ਵਿੱਚ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਮਹੇਸ਼ ਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁੱਗਾ ਮਾੜੀ ਕਮੇਟੀ ਦੇ ਪ੍ਰਧਾਨ ਅਨਿਲ ਰਾਣਾ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਮੇਲੇ ਦੇ ਆਖਰੀ ਦਿਨ ਇਕ ਲੜਕੀ ਨਾਲ ਛੇੜਛਾੜ ਕਰਨ ਵਾਲੇ ਸੈਨਿਕ ਵਿਹਾਰ ਕਲੋਨੀ ਦੇ ਕਾਬੂ ਕੀਤੇ ਗਏ ਨੌਜਵਾਨ ਨੂੰ ਛੁਡਾਉਣ ਲਈ ਕਲੋਨੀ ਵਾਲਿਆਂ ਦੀ ਭੀੜ ਆ ਗਈ ਅਤੇ ਇੱਟਾਂ, ਰਾਡਾਂ, ਗੁਲੇਲਾਂ, ਕੁਹਾੜੀਆਂ, ਡਾਂਗਾਂ ਆਦਿ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਫਾਇਰਿੰਗ ਵੀ ਕੀਤੀ। ਰਾਣਾ ਨੇ ਦੋਸ਼ ਲਾਇਆ ਕਿ ਭੀੜ ਦੀ ਅਗਵਾਈ ਕਲੋਨੀ ਵਿੱਚ ਰਹਿਣ ਵਾਲਾ ਪਾਦਰੀ ਕਰ ਰਿਹਾ ਸੀ ਅਤੇ ਜਾਨੋਂ ਮਾਰਨ ਲਈ ਉਕਸਾ ਰਿਹਾ ਸੀ। ਭੀੜ ਨੇ ਸ਼ਿਵਮ ਰਾਣਾ, ਸੋਮਪਾਲ, ਅਮਨ ਗੋਇਲ, ਤੇਜਪਾਲ, ਰੋਹਿਤ ਰਾਣਾ, ਵਿਕਾਸ, ਵਿਸ਼ਾਲ ਅਤੇ ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਮਾੜੀ ਕਮੇਟੀ ਦੇ ਪ੍ਰਧਾਨ ਅਨਿਲ ਰਾਣਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਾਨ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਨੇਕ ਸਿੰਘ, ਜਸਵੰਤ ਸਿੰਘ, ਕ੍ਰਾਂਤੀ, ਪਾਦਰੀ, ਰਾਮਬੀਰ, ਜੁਗਨੂੰ, ਵਰਿੰਦੀ ਸਮੇਤ 150 ਤੋਂ 200 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਮੇਲੇ ਵਿੱਚ ਨੌਜਵਾਨ ਨੇ ਪੁਲੀਸ ਮੁਲਾਜ਼ਮ ਦੀ ਵਰਦੀ ਪਾੜੀ
ਮੋਰਿੰਡਾ (ਪੱਤਰ ਪ੍ਰੇਰਕ): ਮੜੌਲੀ ਕਲਾਂ ਵਿੱਚ ਗੁੱਗਾ ਮਾੜੀ ਦੇ ਮੇਲੇ ਵਿੱਚ ਕਰਵਾਏ ਗਏ ਕੁਸ਼ਤੀ ਦੰਗਲ ਦੌਰਾਨ ਹੋਏ ਝਗੜੇ ਵਿੱਚ ਦੋ ਨੌਜਵਾਨਾਂ ਨੇ ਇਕ ਪੁਲੀਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ। ਇਸ ਸਬੰਧੀ ਮੋਰਿੰਡਾ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਸ ਛਿੰਝ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮੋਰਿੰਡਾ ਸ਼ਹਿਰੀ ਪੁਲੀਸ ਨੇ ਏਐੱਸਆਈ ਸਤਵਿੰਦਰ ਸਿੰਘ ਅਤੇ ਸਿਪਾਹੀ ਤੇਜਿੰਦਰ ਸਿੰਘ ਦੀ ਡਿਊਟੀ ਪਿੰਡ ਮੜੌਲੀ ਕਲਾਂ ਵਿੱਚ ਲਗਾਈ ਸੀ। ਸਿਪਾਹੀ ਤੇਜਿੰਦਰ ਸਿੰਘ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਪਿੰਡ ਮੜੌਲੀ ਖੁਰਦ ਵਿੱਚ ਇੱਕ ਮੋਟਰ ਕੋਲ ਕੁਝ ਨੌਜਵਾਨ ਇਕੱਠੇ ਹੋ ਕੇ ਝਗੜਾ ਕਰਨ ਦੀ ਤਾਕ ਵਿੱਚ ਹਨ। ਪੁਲੀਸ ਪਾਰਟੀ ਮੋਟਰ ’ਤੇ ਪਹੁੰਚੀ ਤਾਂ ਸਾਰੇ ਨੌਜਵਾਨ ਵੱਖ‘ਵੱਖ ਪਾਸੇ ਨੂੰ ਭੱਜ ਗਏ ਪ੍ਰੰਤੂ ਇਕ ਵਿਅਕਤੀ ਨੂੰ ਸਿਪਾਹੀ ਤੇਜਿੰਦਰ ਸਿੰਘ ਨੇ ਕਾਬੂ ਕਰ ਲਿਆ। ਉਸ ਵਿਅਕਤੀ ਨੇ ਤੈਸ਼ ਵਿੱਚ ਆ ਕੇ ਸਿਪਾਹੀ ਤੇਜਿੰਦਰ ਸਿੰਘ ਨਾਲ ਹੱਥੋਪਾਈ ਕੀਤੀ ਤੇ ਵਰਦੀ ਪਾੜ ਦਿੱਤੀ ਜਦਕਿ ਉਸ ਦੇ ਦੂਜੇ ਸਾਥੀ ਨੇ ਸਿਪਾਹੀ ਤੇਜਿੰਦਰ ਸਿੰਘ ਨੂੰ ਧੱਕਾ ਮਾਰਿਆ ਅਤੇ ਭੱਜ ਨਿਕਲਿਆ। ਪੁਲੀਸ ਨੇ ਸਿਪਾਹੀ ਤੇਜਿੰਦਰ ਸਿੰਘ ਦੇ ਬਿਆਨ ’ਤੇ ਹਰਜੀਤ ਸਿੰਘ ਉਰਫ ਪ੍ਰਗਟ ਸਿੰਘ ਵਾਸੀ ਪਿੰਡ ਮੜੌਲੀ ਖੁਰਦ ਅਤੇ ਇਕ ਹੋਰ ਨਾਮਲੂਮ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।