ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਨਵੰਬਰ
ਅੰਬਾਲਾ ਵਿਚ ਨਾਜਾਇਜ਼ ਤਰੀਕੇ ਨਾਲ ਹੋ ਰਹੀ ਖਾਦ ਦੀ ਕਥਿਤ ਕਾਲਾਬਜ਼ਾਰੀ ਅਤੇ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਡਿਪਟੀ ਡਾਇਰੈਕਟਰ ਖੇਤੀ ਮਹਿਕਮਾ ਅੰਬਾਲਾ ਗਿਰੀਸ਼ ਨਾਗਪਾਲ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਹਰਿਆਣਾ ਰਾਜ ਦੇ ਨਾਂ ’ਤੇ ਯੂਰੀਆ ਖਾਦ ਖਰੀਦ ਕੇ ਪੰਜਾਬ ਵਿਚ ਕਾਲਾਬਜ਼ਾਰੀ ਕਰਨ ਲਈ ਗੱਡੀਆਂ ਵਿਚ ਲੋਡ ਕਰ ਕੇ ਭੇਜ ਰਹੇ ਹਨ। ਸੂਚਨਾ ਤੋਂ ਬਾਅਦ ਉਹ ਨਵੀਂ ਅਨਾਜ ਮੰਡੀ ਅੰਬਾਲਾ ਸ਼ਹਿਰ ਪਹੁੰਚੇ ਅਤੇ ਦੇਖਿਆ ਕਿ ਸ਼ੈੱਡ ਨੰਬਰ 4 ਦੇ ਥੱਲੇ ਯੂਰੀਆ ਖਾਦ ਦੇ ਲੱਦੇ ਚਾਰ ਟਰੱਕ ਖੜ੍ਹੇ ਸਨ ਜਦੋਂ ਕਿ ਕੁਝ ਵਾਹਨਾਂ ਵਿਚ ਖਾਦ ਲੱਦੀ ਜਾ ਰਹੀ ਸੀ। ਜਦੋਂ ਬਿਲਟੀਆਂ ਚੈੱਕ ਕੀਤੀਆਂ ਗਈਆਂ ਤਾਂ ਇਹ ਰਾਸ਼ਟਰੀ ਕੈਮੀਕਲ ਐਂਡ ਫਰਟੇਲਾਈਜ਼ਰ ਲਿਮਟਿਡ ਵੱਲੋਂ ਜਾਰੀ ਗੇਟ ਪਾਸ-ਕਮ-ਡਲਿਵਰੀ ਚਲਾਨ ਦੇ ਤਹਿਤ ਕੇ.ਐਚ.ਸਟੋਰ ਯਮੁਮਾਨਗਰ ਤੋਂ ਕ੍ਰਿਸ਼ੀ ਸੇਵਾ ਕੇਂਦਰ ਅੰਬਾਲਾ ਦੇ ਨਾਂ ਕੱਟੀਆਂ ਹੋਈਆਂ ਸਨ ਜਦੋਂ ਕਿ 18 ਬੈਗਾਂ ਦੀ ਕੋਈ ਬਿਲਟੀ ਨਹੀਂ ਸੀ। ਸ੍ਰੀ ਨਾਗਪਾਲ ਅਨੁਸਾਰ ਮੌਕੇ ’ਤੇ ਮੌਜੂਦ ਕੇਸ਼ਵ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਸੈਂਟਰ ਅਨਾਜ ਮੰਡੀ ਖਰੜ ਵਿਚ ਕੰਮ ਕਰਦਾ ਹੈ ਅਤੇ ਅੱਜ ਆਪਣੇ ਮਾਲਕ ਸੁਰੇਸ਼ ਕੁਮਾਰ ਵਾਸੀ ਸ਼ਿਵਾਲਿਕ ਸਿਟੀ ਖਰੜ ਦੇ ਕਹਿਣ ’ਤੇ ਅੰਬਾਲਾ ਆਇਆ ਸੀ ਅਤੇ ਉਹ ਖਾਦ ਦੇ ਕੁਝ ਕੱਟੇ ਇਕ ਕੈਂਟਰ ਵਿਚ ਲੋਡ ਕਰ ਕੇ ਪੰਜਾਬ ਭੇਜ ਚੁੱਕਾ ਹੈ।
ਜ਼ਰੂਰੀ ਵਸਤਾਂ ਕਾਨੂੰਨ ਤਹਿਤ ਕੇਸ ਦਰਜ
ਡਿਪਟੀ ਡਾਇਰੈਕਟਰ (ਖੇਤੀ ਮਹਿਕਮਾ ਅੰਬਾਲਾ) ਗਿਰੀਸ਼ ਨਾਗਪਾਲ ਦੀ ਸ਼ਿਕਾਇਤ ’ਤੇ ਅੰਬਾਲਾ ਸ਼ਹਿਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪੰਜ ਟਰੱਕਾਂ ਵਿੱਚ ਲੱਦੇ ਹੋਏ ਕੁੱਲ 1672 ਬੈਗ ਯੂਰੀਆ ਖਾਦ ਬਰਾਮਦ ਕਰਨ ਤੋਂ ਬਾਅਦ ਧਾਰਾ 420/120-ਬੀ ਅਤੇ ਜ਼ਰੂਰੀ ਵਸਤਾਂ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਜਾਚ ਮੁਕੰਮਲ ਹੋਣ ਮਗਰੋਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ