ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਦਿੱਲੀ ਸਰਕਾਰ ਵੱਲੋਂ ਬਲੈਕ ਫੰਗਸ ਨੂੰ ਮਹਾਮਾਰੀ ਐਲਾਨਿਆ ਗਿਆ ਹੈ ਤੇ ਮਹਾਮਾਰੀ ਐਕਟ ਤਹਿਤ ਇਸ ਬਿਮਾਰੀ ਦਾ ਇਲਾਜ ਤੇ ਹੋਰ ਨਿਯਮ ਲਾਗੂ ਹੋਣਗੇ। ਅੱਜ ਦਿੱਲੀ ਸਰਕਾਰ ਵੱਲੋਂ ਮਹਾਮਾਰੀ ਰੋਗ ਐਕਟ1897 ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਿਉਂਕਿ ਫਿਲਹਾਲ ਲਾਗੂ ਹੋਣ ਵਾਲੇ ਕਾਨੂੰਨ ਵਿੱਚ ਆਮ ਪ੍ਰਬੰਧ ਨਾਕਾਫੀ ਹਨ। ਇਸ ਲਈ ਇਹ ਐਕਟ ਲਾਗੂ ਕੀਤਾ ਜਾ ਰਿਹਾ ਹੈ। ਇਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਦਿੱਲੀ ਦੀਆਂ ਸਾਰੀਆਂ ਸਿਹਤ ਸਹੂਲਤਾਂ ਚਾਹੇ ਉਹ ਸਰਕਾਰੀ ਹੋਣ ਜਾਂ ਨਿੱਜੀ ਹਸਪਤਾਲ, ਉਨ੍ਹਾਂ ਨੂੰ ਬਲੈਕ ਫੰਗਸ ਦੀ ਜਾਂਚ, ਪਛਾਣ ਤੇ ਇਲਾਜ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀਆਂ ਹਦਾਇਤਾਂ ਮੁਤਾਬਕ ਹੀ ਕਰਨ ਦੀ ਹਦਾਇਤ ਹੈ। ਕਾਲੀ ਫੰਗਸ ਦਾ ਸ਼ੱਕੀ ਜਾਂ ਪੁਸ਼ਟੀ ਕੀਤੇ ਮਾਮਲੇ ਦੀ ਸਿਹਤ ਮਹਿਕਮੇ ਨੂੰ ਰਿਪੋਰਟ ਦੇਣੀ ਹੋਵੇਗੀ। ਪ੍ਰਬੰਧਕੀ ਵਿਸ਼ਿਆਂ ’ਤੇ ਲਾਗ ਬਾਰੇ ਕੋਈ ਵੀ ਸੂਚਨਾ ਦਿੱਲੀ ਸਿਹਤ ਮਹਿਕਮੇ ਤੋਂ ਆਗਿਆ ਲਏ ਬਗੈਰ ਕੋਈ ਵੀ ਸੰਸਥਾ ਜਾਂ ਵਿਅਕਤੀ ਤੌਰ ’ਤੇ ਜਾਰੀ ਨਹੀਂ ਕੀਤੀ ਜਾ ਸਕੇਗੀ। ਜੋ ਵੀ ਨਿਯਮਾਂ ਦੀ ਅਣਦੇਖੀ ਕਰੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਨੋਟੀਫਿਕੇਸ਼ਨ ਤੁਰੰਤ ਲਾਗੂ ਹੋ ਗਿਆ ਹੈ ਤੇ ਸਾਲ ਭਰ ਜਾਰੀ ਰਹੇਗਾ। ਬੀਤੇ ਦਿਨਾਂ ਤੋਂ ਕਾਲੀ ਫੰਗਸ ਦੇ ਕਈ ਮਾਮਲੇ ਸਾਹਮਣੇ ਆਏ ਹਨ ਤੇ ਤੇਜ਼ੀ ਨਾਲ ਵਾਧਾ ਹੋਇਆ ਹੈ। 21 ਮਈ ਨੂੰ 200 ਮਰੀਜ਼ ਕਾਲੀ ਫੰਗਸ ਤੋਂ ਪੀੜਤ ਸਨ ਪਰ 26 ਮਈ ਤੱਕ ਇਹ 620 ਮਾਮਲੇ ਹੋ ਚੁੱਕੇ ਸਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,072 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 16,378 ਹੋ ਗਈ। ਹੈਲਥ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਹੁਣ ਤੱਕ ਕੋਵਿਡ-19 ਦੇ 14,22,529 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਵੀਰਵਾਰ ਨੂੰ ਲਾਗ ਦੀ ਗਿਣਤੀ 30 ਮਾਰਚ ਤੋਂ ਸਭ ਤੋਂ ਘੱਟ ਸੀ ਜਦੋਂ 992 ਕੇਸ ਸਾਹਮਣੇ ਆਏ ਸਨ। ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਵਿੱਚ 117 ਕਰੋਨਾਵਾਇਰਸ ਨਾਲ ਸਬੰਧਤ ਮੌਤ ਵੀ ਦਰਜ ਕੀਤੀ ਗਈ ਜੋ 15 ਅਪਰੈਲ ੍ਵਤੋਂ ਬਾਅਦ ਸਭ ਤੋਂ ਘੱਟ ਹੈ ਜਦੋਂ ਸ਼ਹਿਰ ਵਿੱਚ 112 ਮੌਤਾਂ ਦਰਜ ਕੀਤੀਆਂ ਗਈਆਂ ਸਨ। ਕਰੋਨਾਵਾਇਰਸ ਨੇ ਹੁਣ ਤਕ ਦਿੱਲੀ ਵਿੱਚ 23,812 ਜਾਨਾਂ ਲਈਆਂ ਹਨ। ਸ਼ਹਿਰ ’ਚ ਮਰੀਜ਼ਾਂ ਵਿਚ ਕੇਸਾਂ ਦੀ ਮੌਤ ਦਰ ਹੁਣ 1.67 ਫੀਸਦ ਹੈ ਪਰ ਲਾਗ ਦੀ ਦਰ ਘਟ ਕੇ 1.53 ਫ਼ੀਸਦ ਹੋ ਗਈ ਹੈ। ਸਭ ਤੋਂ ਘੱਟ ਲਾਗ ਦੀ ਦਰ ਆਖਰੀ ਵਾਰ 24 ਮਾਰਚ ਨੂੰ 1.52 ਫ਼ੀਸਦ ਦਰਜ ਕੀਤੀ ਗਈ ਸੀ। ਬੁੱਧਵਾਰ ਅਤੇ ਵੀਰਵਾਰ ਦਰਮਿਆਨ 49,348 ਰੈਪਿਡ ਐਂਟੀਜੇਨ ਤੇ 20,720 ਆਰਟੀ-ਪੀਸੀਆਰ ਟੈਸਟ ਦੀ ਵਰਤੋਂ ਕਰਦਿਆਂ ਕਰੋਨਾਵਾਇਰਸ ਦੇ 70,068 ਦੇ ਨਮੂਨੇ ਦਿੱਲੀ ਵਿੱਚ ਲਏ ਗਏ। ਅੱਜ ਤੱਕ ਕੋਵਿਡ -19 ਲਈ ਕੁੱਲ 1,90,09,274 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਤੋਂ ਪਿਛਲੇ 24 ਘੰਟਿਆਂ ਵਿਚ ਠੀਕ ਹੋਣ ਤੋਂ ਬਾਅਦ ਕੁਲ 3725 ਮਰੀਜ਼ਾਂ ਨੂੰ ਦਿੱਲੀ ਦੇ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ।
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹਾ ਫਤਿਹਾਬਾਦ ਵਿੱਜ ਕਰੋਨਾ ਦੇ 215 ਮਰੀਜ਼ਾਂ ਦੇ ਤੰਦਰੁਸਤ ਹੋਣ ’ਤੇ ਰਿਕਵਰੀ ਰੇਟ ਵਧ ਕੇ 88 ਫ਼ੀਸਦ ’ਤੇ ਪੁੱਜ ਗਿਆ ਹੈ। ਦੇਰ ਸ਼ਾਮ ਨੂੰ ਆਈ ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿੱਚ 127 ਨਵੇਂ ਕੇਸ ਆਏ ਤੇ 5 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਘਰਾਂ ’ਚ ਇਕਾਂਤਵਾਸ ਹੋਏ ਮਰੀਜ਼ਾਂ ਦੀ ਗਿਣਤੀ ਘੱਟ ਕੇ 1195 ਰਹਿ ਗਈ ਹੈ ਤੇ ਕੁਲ ਕੇਸਾਂ ਦੀ ਗਿਣਤੀ ਹੁਣ 1598 ਰਹਿ ਗਈ ਹੈ। ਜ਼ਿਲ੍ਹੇ ਦੇ ਕਸਬਾ ਰਤੀਆ ਦੀ 76 ਸਾਲਾ ਔਰਤ, ਢਾਣੀ ਚੇਤਨਪੁਰ ਤੇ 81 ਸਾਲਾ ਬਜੁਰਗ, ਐੱਮਪੀ ਰੋਹੀ ਦਾ 49 ਸਾਲਾ, ਫਤਿਹਾਬਾਦ ਦਾ 55 ਸਾਲਾ ਤੇ ਟੋਹਾਣਾ ਦਾ 65 ਸਾਲਾ ਵਿਅਕਤੀ ਦੀ ਮੌਤ ਹੋਣ ਦੇ ਜ਼ਿਲ੍ਹੇ ਵਿੱਚ ਹੁਣ ਤਕ ਮੌਤਾਂ ਦਾ ਅੰਕੜਾ 395 ’ਤੇ ਪੁੱਜ ਗਿਆ ਹੈ।
ਜ਼ਿਲ੍ਹੇ ਵਿੱਚ 1.48 ਲੱਖ ਵਿਅਕਤੀਆਂ ਦਾ ਟੀਕਾਕਰਨ ਹੋਇਆ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਸੇਹਤ ਵੱਲੋਂ ਜਾਰੀ ਸੂਚਨਾ ਮੁਤਾਬਕ ਜ਼ਿਲ੍ਹੇ ਵਿੱਚ 1,48,740 ਵਿਅਕਤੀਆਂ ਨੂੰ ਕਰੋਨਾ ਟੀਕਾ ਲਾਇਆ ਜਾ ਚੁੱਕਾ ਹੈ ਤੇ ਅੱਜ ਸ਼ਾਮ ਤੱਕ 1702 ਲੋਕਾਂ ਨੂੰ ਟੀਕੇ ਲਗੇ ਹਨ। ਜ਼ਿਲ੍ਹੇ ਵਿੱਚ 1,24,581 ਵਿਅਕਤੀਆਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ ਤੇ ਦੁਜੀ ਡੋਜ਼ ਦੇ ਟੀਕੇ ਦੀ ਗਿਣਤੀ 24,159 ਤੱਕ ਰਹੀ ਹੈ। ਸਿਹਤ ਵਿਭਾਗ ਮੁਤਾਬਕ ਸਰਕਾਰੀ ਨਿਯਮਾਂ ਦੀ ਪਾਲਣਾ ਕਰਕੇ ਟੀਕਾਕਰਨ ਕੀਤਾ ਜਾ ਰਿਹਾ ਹੈ।