ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਮਈ
ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਕਿਹਾ ਕਿ ਅੱਜ ਕੱਲ੍ਹ ਕਾਲੀ ਫੰਗਸ ਨਾਮ ਦੀ ਬਿਮਾਰੀ ਵੱਧ ਰਹੀ ਹੈ, ਜਿਸ ਤੋਂ ਬਚਾਅ ਤੇ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਮਰੀਜ਼ ਨੂੰ ਇਹ ਬਿਮਾਰੀ ਆਪਣੀ ਜਕੜ ਵਿਚ ਛੇਤੀ ਲੈ ਲੈਂਦੀ ਹੈ ਜੋ ਕਿ ਘਾਤਕ ਸਿੱਧ ਹੋ ਸਕਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਤੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੀਏ ਤੇ ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਬੇਕਾਬੂ ਸ਼ੂਗਰ ਪੀੜਤ, ਕੋਵਿਡ ਤੋਂ ਠੀਕ ਹੋਏ ਵਿਅਕਤੀ, ਆਕਸੀਜਨ ’ਤੇ ਰਹਿਣ ਵਾਲੇ ਮਰੀਜ਼ਾਂ ਨੂੰ ਇਸ ਬਿਮਾਰੀ ਤੋਂ ਵਾਧੂ ਖਤਰਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲੈਕ ਫੰਗਸ ਦਾ ਕੋਈ ਵੀ ਲੱਛਣ ਦਿਸੇ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਸੰਪਰਕ ਕਰ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ।