ਗੁਰਦੀਪ ਸਿੰਘ ਭੱਟੀ
ਟੋਹਾਣਾ, 24 ਜੁਲਾਈ
ਇਨੈਲੋ ਦੇ ਕੌਮੀ ਮਹਾ ਸਕੱਤਰ ਤੇ ਸਾਬਕਾ ਵਿਧਾਇਕ ਅਭੈ ਚੌਟਾਲਾ ਨੇ ਦਾਅਵਾ ਕੀਤਾ ਹੈ ਕਿ ਅਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਪੰਜਾਬ, ਉਤਰ ਪ੍ਰਦੇਸ਼ ਤੇ ਹਰਿਆਣਾ ਸਮੇਤ ਜਿੱਥੇ ਵੀ ਚੋਣ ਹੋਵੇਗੀ ਭਾਜਪਾ ਦੇ ਉਮੀਦਵਾਰ ਹਾਰਨਗੇ। ਅਭੈ ਚੌਟਾਲਾ ਫਤਿਹਾਬਾਦ ਦੇ ਦੌਰੇ ’ਤੇ ਅਨਾਜ ਮੰਡੀ ਰਤੀਆ ਤੇ ਵਪਾਰੀ ਗੁਰਲਾਲ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੈਰੋਂ, ਵਪਾਰੀ ਸੈੱਲ ਦੇ ਸੂਬਾ ਸਕੱਤਰ ਜੇ ਕੇ ਅਗਰਵਾਲ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ, ਹਰੀ ਸਿੰਘ ਹਲਕਾ ਪ੍ਰਧਾਨ ਟੋਹਾਣਾ, ਜ਼ਿਲ੍ਹਾ ਬੁਲਾਰਾ ਯਸ਼ ਤਨੇਜਾ, ਅੰਗਰੇਜ਼ ਸਿੰਘ ਲਾਲੀ ਤੇ ਹੋਰ ਸੀਨੀਅਰ ਪਾਰਟੀ ਆਗੂ ਨਾਲ ਚੱਲ ਰਹੇ ਸਨ। ਅਭੈ ਚੌਟਾਲਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਜਾਇਜ਼ ਦੱਸਦੇ ਹੋਏ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾ ਨਾਲ ਮਿੱਤਰਤਾ ਵਾਲੇ ਸਬੰਧ ਬਣਾਉਣ ਦੀ ਵਕਾਲਤ ਕੀਤੀ। ਅਭੈ ਚੌਟਾਲਾ ਨੇ ਕਿਸਾਨਾਂ ਤੇ ਫ਼ਰਜ਼ੀ ਤੇ ਝੂਠੇ ਕੇਸ ਦਰਜ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੰਨਦਾਤਾ ਦੇਸ਼ਧ੍ਰੋਹੀ ਕਿਵੇਂ ਹੋ ਸਕਦਾ ਹੈ। ਕੇਸ ਵਾਪਸ ਲੈਣ ’ਤੇ ਸੁੂਬਾ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਦੀ ਦਖ਼ਲਅੰਦਾਜ਼ੀ ’ਤੇ ਚਿੰਤਾ ਜ਼ਾਹਿਰ ਕੀਤੀ।