ਪੱਤਰ ਪ੍ਰੇਰਕ
ਫਰੀਦਾਬਾਦ, 10 ਅਗਸਤ
ਇੱਥੇ ਅੱਜ ਭਾਜਪਾ ਯੁਵਾ ਮੋਰਚੇ ਵੱਲੋਂ ਇਸ ਸਨਅਤੀ ਸ਼ਹਿਰ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ ਵਿੱਚ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਉਹ ਬਿਨਾਂ ਹੈਲਮਟਾਂ ਤੋਂ ਮੋਟਰਸਾਈਕਲ ਚਲਾਉਂਦੇ ਹੋਏ ਨਜ਼ਰ ਆਏ ਤੇ ਪਿਛਲੀਆਂ ਸੀਟਾਂ ਉਪਰ ਕੁੱਝ ਕਾਰਕੁਨ ਖੜ੍ਹ ਕੇ ਸਵਾਰੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਵੱਲੋਂ ਵੀ ਇੰਜ ਹੀ ਟਰੈਫਿਕ ਨਿਯਮ ਤੋੜੇ ਗਏ ਸਨ ਪਰ ਸ੍ਰੀ ਤਿਵਾੜੀ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾ ਲਿਆ ਸੀ। ਭਾਜਪਾ ਦੇ ਨੌਜਵਨਾਂ ਨੇ ਇਸ ਘਟਨਾ ਤੋਂ ਵੀ ਸਬਕ ਨਹੀਂ ਸਿੱਖਿਆ ਤੇ ਉਹ ਗ਼ਲਤੀਆਂ ਦੁਬਾਰਾ ਕੀਤੀਆਂ। ਰੈਲੀ ਦੌਰਾਨ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਬੈਂਗਲੁਰੂ ਤੋਂ ਲੋਕ ਸਭਾ ਮੈਂਬਰ ਤੇਜਸਵੀ ਸੂਰਿਆ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਨਵਾਂ ਭਾਰਤ ਉਭਰ ਰਿਹਾ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਭਾਜਪਾ ਯੁਵਾ ਮੋਰਚਾ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਅੱਜ ਪੂਰੇ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਵਿੱਚ ਅੰਮ੍ਰਿਤ ਮਹਾਂਤਸਵ ਤਹਿਤ ਮੋਟਰਸਾਈਕਲ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਇਸੇ ਕੜੀ ਵਿੱਚ ਇੱਥੇ ਮੋਟਰਸਾਈਕਲ ਰੈਲੀ ਕੱਢੀ ਗਈ। ਲੋਕ ਸਭਾ ਮੈਂਬਰ ਸੈਕਟਰ-2 ਸਥਿਤ ਭਾਜਪਾ ਦਫਤਰ ਤੋਂ ਭਾਜਪਾ ਯੁਵਾ ਮੋਰਚਾ ਫਰੀਦਾਬਾਦ ਵੱਲੋਂ ਸ਼ੁਰੂ ਹੋਈ ‘ਤਿਰੰਗਾ ਮੋਟਰਸਾਈਕਲ ਰੈਲੀ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਮੌਜੂਦ ਨੌਜਵਾਨ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੇਂਦਰ ਦੇ ਭਾਜਪਾ ਸਰਕਾਰ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।