ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਦਸੰਬਰ
ਕਿਸਾਨਾਂ ਨੇ ਅੱਜ ਇਥੇ ਮਾਡਲ ਟਾਊਨ ਜੰਡਲੀ ਵਿੱਚ ਕੇਂਦਰੀ ਰਾਜ ਮੰਤਰੀ ਅਤੇ ਅੰਬਾਲਾ ਤੋਂ ਐਮ.ਪੀ ਰਤਨ ਲਾਲ ਕਟਾਰੀਆ ਅਤੇ ਸਥਾਨਕ ਵਿਧਾਇਕ ਅਸੀਮ ਗੋਇਲ ਨੂੰ ਕਾਲੇ ਝੰਡੇ ਦਿਖਾਏ। ਉਹ ਅੱਜ ਸਵੇਰੇ 10 ਵਜੇ ਰੇਲਵੇ ਅੰਡਰਬਰਿੱਜ ਦਾ ਨੀਂਹ ਪੱਥਰ ਰੱਖਣ ਲਈ ਜੰਡਲੀ ਪਹੁੰਚੇ ਸਨ। ਪ੍ਰੋਗਰਾਮ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਕਿਸਾਨਾਂ ਨੇ ਦੋਹਾਂ ਨੂੰ ਕਾਲੇ ਝੰਡੇ ਦਿਖਾਉਂਦਿਆਂ ‘ਕਿਸਾਨ ਏਕਤਾ ਜ਼ਿੰਦਾਬਾਦ’ ਅਤੇ ‘ਭਾਜਪਾ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਖੇਤੀ ਕਾਨੂੰਨ ਤੁਰੰਤ ਵਾਪਸ ਲਵੇ ਨਹੀਂ ਤਾਂ ਅਜਿਹੇ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।ਇਸ ਮੌਕੇ ਪੁਲੀਸ ਨੇ ਕਿਸਾਨਾਂ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਨਹੀਂ ਮੰਨੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਇਸ ਮੌਕੇ ਕੌਲਾ ਪਿੰਡ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ 15 ਲੱਖ ਤੋਂ ਵੱਧ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਧਰਨੇ ’ਤੇ ਬੈਠੇ ਹਨ ਪਰ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਨਹੀਂ ਆਇਆ। ਉਸ ਨੇ ਕਿਹਾ ਕਿ ਜਦੋਂ ਤੱਕ ਭਾਰਤ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਇਹ ਪ੍ਰਦਰਸ਼ਨ ਜਾਰੀ ਰਹਿਣਗੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਦੇ ਬੋਲ ਵਿਗੜ ਗਏ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਪ੍ਰਤੀ ਕਥਿਤ ਤੌਰ ’ਤੇ ਅਪਸ਼ਬਦ ਵੀ ਬੋਲੇੇ।