ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਮਈ
ਇੰਡੀਆ ਗੱਠਜੋੜ ਦੀ ਸਿਰਸਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੱਤਾ ਜਾਣ ਦਾ ਡਰ ਭਾਜਪਾ ਵਾਲਿਆਂ ’ਚ ਸਾਫ ਨਜ਼ਰ ਆ ਰਿਹਾ ਹੈ। ਮੋਦੀ ਅਤੇ ਭਾਜਪਾ ਦੇ ਹੋਰ ਆਗੂਆਂ ਦੀ ਜੁਬਾਨ ਰੁਜ਼ਗਾਰ, ਮਹਿੰਗਾਈ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਔਰਤਾਂ ਦੇ ਮੁੱਦਿਆਂ ’ਤੇ ਬੰਦ ਰਹੀ ਹੈ। ਉਹ ਸਿਰਸਾ ਦੇ ਵੱਖ-ਵੱਖ ਹਲਕਿਆਂ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਦੇ ਵੋਟਿੰਗ ਪੈਟਰਨ ਤੋਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਘਬਰਾ ਗਈ ਹੈ। ਇਸੇ ਕਰਕੇ ਉਹ ਚੋਣਾਂ ਵਿੱਚ ਮੁੱਖ ਮੁੱਦਿਆਂ ਤੋਂ ਦੂਰ ਹੋ ਲੋਕਾਂ ’ਚ ਫੁੱਟ ਪਾਉਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਨ ਮਗਰੋਂ ਕਾਂਗਰਸ ਚੋਣ ਮਨੋਰਥ ਪੱਤਰ ’ਚ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।