ਪੱਤਰ ਪ੍ਰੇਰਕ
ਜੀਂਦ, 10 ਮਈ
ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਖਟਕੜ ਟੌਲ ਪਲਾਜ਼ੇ ਕੋਲ 136ਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਧਰਨੇ ਦੀ ਪ੍ਰਧਾਨਗੀ ਕਿਤਾਬ ਸਿੰਘ ਗੁਰੂਕੁਲ ਖੇੜਾ ਨੇ ਕੀਤੀ। ਭੁੱਖ ਹੜਤਾਲ ਉੱਤੇ ਕਮਲਾ ਖਟਕੜ, ਅਨੀਤਾ, ਕਮਲੇਸ਼, ਸਾਵਿਤਰੀ ਸੁਦਕੈਨ ਕਲਾਂ ਅਤੇ ਭਾਨੀ ਖਟਕੜ ਬੈੈਠੇ। ਰਮੇਸ਼ ਬਾਮਲਾ ਘਸੋ ਕਲਾਂ ਵੱਲੋਂ ਧਰਨੇ ਉੱਤੇ ਆਉਣ ਵਾਲੇ ਕਿਸਾਨਾਂ ਨੂੰ ਮਾਸਕ ਵੰਡੇ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਪਾਲਵਾਂ ਅਤੇ ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਪਹਿਲਵਾਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨ ਅੰਦੋਲਨ ਦੇ ਚਲਦੇ ਭਾਜਪਾ ਅਤੇ ਜਜਪਾ ਨੇਤਾਵਾਂ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਫੈਸਲਾ ਸਰਵ ਸਮਾਜ, ਖਾਪ ਪੰਚਾਇਤਾਂ ਵੱਲੋਂ ਲਿਆ ਗਿਆ ਹੈ। ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ, ਉਦੋਂ ਤੱਕ ਇਨ੍ਹਾਂ ਦੋਵੇਂ ਪਾਰਟੀਆਂ ਦੇ ਨੇਤਾਵਾਂ ਦੇ ਪ੍ਰੋਗਰਾਮਾਂ ਦਾ ਕਿਸਾਨ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜੀਂਦ ਵਿੱਚ ਪਹਿਲਾਂ ਤਾਂ ਭਾਜਪਾ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਓਪੀ ਧਨਖੜ ਦਾ ਪ੍ਰੋਗਰਾਮ ਕਰਵਾਕੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਲੜਾਉਣ ਦਾ ਕੰਮ ਕੀਤਾ ਸੀ। ਇਹ ਪ੍ਰੋਗਰਾਮ ਰੱਦ ਕਰਵਾਇਆ ਗਿਆ ਤਾਂ ਹੁਣ ਡਿਪਟੀ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਦਾ ਪ੍ਰੋਗਰਾਮ ਕਰਵਾਇਆ ਗਿਆ ਜੋ ਕਿ ਕਿਸਾਨਾਂ ਦੇ ਵਿਰੋਧ ਦੇ ਚਲਦੇ ਉਹ ਵੀ ਰੱਦ ਹੋ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਧਰਨਾ ਸਾਂਤੀਪੂਰਵਕ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਇਹ ਸ਼ਾਂਤੀ ਅਤੇ ਅਨੁਸਾਸ਼ਨ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਚਲਦਾ ਰਹੇਗਾ, ਜਦੋਂ ਤੱਕ ਕਿ ਸਰਕਾਰ ਖੇਤੀ ਦੇ ਤਿੰਨੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਅਤੇ ਐੱਮਐੱਸਪੀ ਉੱਤੇ ਕਾਨੂੰਨ ਨਹੀਂ ਬਣਾਉਂਦੀ। ਇਸ ਮੌਕੇ ਮਨੋਜ, ਰਣਧੀਰ ਪਹਿਲਵਾਨ, ਬਲੰਦਰ, ਲੀਲੂ ਬਡਨਪੁਰ, ਸਤਿਆਵਾਨ ਦਨੋਦਾ, ਅਮਨਦੀਪ ਬੇਲਰਖਾਂ ਅਤੇ ਕਵਿਤਾ ਖਰਕਰਾਮਜੀ ਹਾਜ਼ਰ ਸਨ।