ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਭਾਰਤ ਦੇ ਕਿਰਤੀ ਲੋਕਾਂ ਦੀਆਂ ਵੋਟਾਂ ਲੈ ਕੇ ਰਾਜ ਸੱਤਾ ’ਤੇ ਕਾਬਜ਼ ਹੋਈ ਹੈ। 2014 ਤੋਂ ਲੈ ਕੇ ਲਗਾਤਾਰ ਕੇਂਦਰ ਤੇ ਰਾਜ ਸੱਤਾ ਤੇ ਕਾਬਜ਼ ਭਾਜਪਾ ਦੀ ਸਥਿਰ ਸਰਕਾਰ ਹੋਣ ਦੇ ਜ਼ੋਰ ਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਪਿਛਲੇ ਸਾਲ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਅਤੇ ਬਿਜਲੀ ਐਕਟ 2020 ਨੂੰ ਰੱਦ ਕਰਵਾਉਣ ਵਾਸਤੇ ਭਾਰਤ ਦੇ ਕੁੱਲ ਕਿਰਤੀ ਲੋਕ ਲਗਾਤਾਰ ਦਿੱਲੀ ਦੀਆਂ ਬਰੂਹਾਂ ’ਤੇ ਕੇਂਦਰ ਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਤੇ ਕਿਸਾਨ ਸਰਹੱਦਾਂ ਉੱਤੇ ਲਗਾਤਾਰ ਸ਼ਹੀਦੀਆਂ ਪਾ ਰਹੇ ਹਨ। ਇਸ ਦੇ ਬਾਵਜੂਦ ਵੀ ਮੋਦੀ ਹਕੂਮਤ ਨੂੰ ਕਾਰਪੋਰੇਟ ਘਰਾਣਿਆਂ ਦੇ ਕਿਸਾਨਾਂ ਦੇ ਦਬਾਅ ਸਦਕਾ ਬੰਦ ਪਏ ਕਾਰੋਬਾਰਾਂ ਦੇ ਨੁਕਸਾਨ ਦਾ ਫਿਕਰ ਸਤਾਅ ਰਿਹਾ ਹੈ। ਇਸ ਕਰਕੇ ਪਿਛਲੇ ਦਿਨਾਂ ਵਿੱਚ ਕੇਂਦਰ ਨੇ ਬੰਦ ਪਏ ਟੌਲ ਪਲਾਜ਼ੇ ਖੋਲ੍ਹਣ ਲਈ ਵੱਖ-ਵੱਖ ਰਾਜਾਂ ਨੂੰ ਆਦੇਸ਼ ਜਾਰੀ ਕੀਤੇ ਹਨ ਇਸ ਗੱਲ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਦੀ ਸਰਕਾਰ ਸਾਮਰਾਜੀ ਕੰਪਨੀਆਂ ਦੇ ਪੱਖ ਵਿੱਚ ਖੜੀ ਹੈ ਤੇ ਭਾਰਤ ਦੇ ਕਿਰਤੀ ਲੋਕਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਰਹੀ ਹੈ। ਕਿਸਾਨ ਆਗੂ ਬਲੌਰ ਸਿੰਘ ਘੱਲ ਕਲਾਂ ਤੇ ਸਰਬਜੀਤ ਸਿੰਘ ਜ਼ਿਲ੍ਹਾ ਆਗੂ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜੋ ਲਗਾਤਾਰ ਇਹ ਰੱਟ ਲਾ ਰਹੀ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਹਨ ਪਰ ਅੱਜਕੱਲ੍ਹ ਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨਾਂ ਤੋਂ ਸਾਫ ਤਸਵੀਰ ਝਲਕਦੀ ਹੈ ਕਿ ਖੇਤੀ ਸੈਕਟਰ ਵਿੱਚ ਪ੍ਰਾਈਵੇਟ ਕੰਪਨੀਆਂ ਦਾ ਸਿੱਧਾ ਨਿਵੇਸ਼ ਕਰਵਾਉਣ ਦੇ ਲਈ ਰਾਹ ਪੱਧਰਾ ਕਰ ਲਿਆ ਹੈ। ਇਸ ਗੱਲ ਤੋਂ ਸਾਫ ਸੰਕੇਤ ਮਿਲਦੇ ਹਨ ਕਿ ਇਹ ਲੁਟੇਰੀਆਂ ਹਾਕਮ ਜਮਾਤੀ ਪਾਰਟੀਆਂ ਜੋਕਾਂ ਦੇ ਧੜੇ ਦੀਆਂ ਪਾਰਟੀਆਂ ਹਨ ਨਾ ਕਿ ਲੋਕਾਂ ਦੇ ਇਸ ਲਈ ਸਾਰੇ ਵਰਗਾਂ ਦੇ ਕਿਰਤੀ ਲੋਕਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਲੋਕ ਦੋਖੀ ਪ੍ਰਬੰਧ ਨੂੰ ਪੁੱਠਾ ਗੇੜਾ ਦੇਣ ਦੀ ਲੋੜ ਹੈ। ਹਰਿਆਣੇ ਦੇ ਪਿੰਡ ਚਿਮਨੀ ਵਾਲਾ ਜ਼ਿਲ੍ਹਾ ਝੱਜਰ ਕੁਰਆਨ ਖਾਪ ਦੇ ਨੌਜਵਾਨ ਦੀਪਕ ਜੋ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 23 ਜੁਲਾਈ ਤੋਂ 28 ਅਗਸਤ ਤੱਕ ਕਿਸਾਨਾਂ ਦੇ ਪੱਖ ਵਿੱਚ ਜਾਗਰੂਕ ਕਰਨ ਵਾਸਤੇ ਸਾਈਕਲ ਯਾਤਰਾ ਕਰਕੇ ਟਿਕਰੀ ਬਾਰਡਰ ਪਕੌੜਾ ਚੌਕ ਦੀ ਸਟੇਜ ’ਤੇ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਉਨ੍ਹਾਂ ਦਾ ਨਾਅਰਿਆਂ ਦੇ ਨਾਲ ਸਵਾਗਤ ਕੀਤਾ।