ਮਹਾਵੀਰ ਮਿੱਤਲ
ਜੀਂਦ, 6 ਅਪਰੈਲ
ਭਾਜਪਾ ਆਗੂ ਸੋਨਾਲੀ ਫੋਗਾਟ ਦੁਆਰਾ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨਾਂ ਉੱਤੇ ਕਿਸਾਨ ਆਗੂ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਇਹ ਸੁਰਖੀਆਂ ਵਿੱਚ ਆਉਣ ਲਈ ਕਿਸਾਨਾਂ ਸਬੰਧੀ ਅਜਿਹੇ ਬਿਆਨ ਦੇ ਰਹੀ ਹਨ। ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਸੋਨਾਲੀ ਸੁਰਖੀਆਂ ਵਿੱਚ ਨਹੀਂ ਸੀ ਤੇ ਹੁਣ ਉਹ ਕਿਸਾਨਾਂ ਨੂੰ ਲੈ ਕੇ ਅਨਾਪ-ਸ਼ਨਾਪ ਬਿਆਨਬਾਜ਼ੀ ਕਰਕੇ ਸੁਰਖੀਆਂ ਵਿੱਚ ਆਉਣਾ ਚਾਹੁੰਦੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਕਿਸਾਨ ਅੰਦੋਲਨ ਨੂੰ ਲੈਕੇ ਉਨ੍ਹਾਂ ਦੀ ਸੋਚ ਜੱਗ ਜਾਹਿਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲੇ ਕਿਸਾਨਾਂ ਨੂੰ ਹਾਸੇ ਦਾ ਪਾਤਰ ਮੰਨਦੇ ਹਨ, ਉਹ ਕਿਸਾਨਾਂ ਦੇ ਸਭ ਤੋਂ ਵੱਡੇ ਦੁਸ਼ਮਨ ਹਨ। ਅੱਜ ਖਟਕੜ ਟੌਲ ’ਤੇ ਧਰਨਾ ਦੇਣ ਵਾਲੇ ਕਿਸਾਨਾਂ ਨੇ ਨਰਵਾਣਾ ਦੇ ਬੱਦੋਵਾਲ ਟੌਲ ਪਲਾਜ਼ਾ ’ਤੇ ਸਾਂਝੇ ਤੌਰ ਉੱਤੇ ਧਰਨਾ ਦਿੱਤਾ। ਆਗੂਆਂ ਨੇ ਕਿਹਾ ਕਿ ਰੋਹਤਕ ਵਿੱਚ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ, ਜਿਸ ਤੋਂ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਸਰਕਾਰ ਦੀ ਮੰਸ਼ਾ ਜਵਾਨ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਵਾਉਣ ਦੀ ਹੈ, ਉਹ ਵੀ ਸਾਹਮਣੇ ਆ ਰਹੀ ਹੈ। ਕਿਸਾਨਾਂ ਦਾ ਅੰਦੋਲਨ ਜਿਵੇਂ-ਜਿਵੇਂ ਵੱਧ ਰਿਹਾ ਹੈ, ਉਵੇਂ-ਉਵੇਂ ਸਰਕਾਰ ਦੀ ਬੇਚੈਨੀ ਵੀ ਵੱਧ ਰਹੀ ਹੈ। ਪਾਲਵਾ ਨੇ ਦਾਅਵਾ ਕੀਤਾ ਕਿ ਕੋਈ ਵੀ ਤਾਕਤ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਨਹੀਂ ਕਰ ਸਕਦੀ। ਬੱਦੋਵਾਲ ਟੌਲ ਪਲਾਜ਼ਾ ਉੱਤੇ ਦਿੱਤੇ ਗਏ ਧਰਨੇ ਦੀ ਪ੍ਰਧਾਨਗੀ ਮਹਿਲਾ ਕਿਸਾਨ ਰਾਜਪਤੀ ਨੇ ਕੀਤੀ ਅਤੇ ਖਟਕੜ ਟੌਲ ਪਲਾਜ਼ਾ ਵੱਲੋਂ ਸਤਿਵੀਰ ਸਿੰਘ ਪਹਿਲਵਾਨ ਨੇ ਕੀਤੀ।