ਪੱਤਰ ਪ੍ਰੇਰਕ
ਸਿਰਸਾ, 24 ਜੂਨ
ਇਨੈਲੋ ਦੇ ਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਇਨੈਲੋ ਦੀ ਹਰਿਆਣਾ ਪਰਿਵਰਤਨ ਪੈਦਲ ਯਾਤਰਾ ਅੱਜ ਪਿੰਡ ਦੜ੍ਹਬੀ ਤੋਂ ਸ਼ੁਰੂ ਹੋ ਕੇ ਭਰੋਖਾਂ, ਬਰੂਵਾਲੀ, ਸੰਘਰਸਾਧਾਂ ਅਤੇ ਢਾਣੀ ਰਾਮਪੁਰਾ ਵੱਲ ਰਵਾਨਾ ਹੋ ਗਈ। ਇਸ ਪੈਦਲ ਯਾਤਰਾ ਵਿੱਚ ਵੱਡੀ ਗਿਣਤੀ ‘ਚ ਨੌਜਵਾਨਾਂ, ਮਹਿਲਾਵਾਂ ਅਤੇ ਪਾਰਟੀ ਵਰਕਰਾਂ ਨੇ ਭਾਗ ਲਿਆ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਪਰਿਵਰਤਨ ਯਾਤਰਾ ਪ੍ਰਤੀ ਲੋਕਾਂ ਦੇ ਵੱਧ ਰਹੇ ਸਮਰਥਨ ਨੂੰ ਦੇਖਦਿਆਂ ਭਾਜਪਾ ਅਤੇ ਕਾਂਗਰਸ ਦੋਵੇਂ ਪਾਰਟੀਆਂ ਬੇਹੱਦ ਘਬਰਾ ਗਈਆਂ ਹਨ। ਉਨ੍ਹਾਂ ਕਿਹਾ ਕਿ ਪਰਿਵਰਤਨ ਯਾਤਰਾ ਦੇ ਡਰੋਂ ਭਾਜਪਾ ਨੇ ਲੋਕ ਸੰਵਾਦ ਸ਼ੁਰੂ ਕੀਤਾ ਜੋ ਕਿ ਫੇਲ੍ਹ ਸਾਬਤ ਹੋਇਆ ਹੈ ਅਤੇ ਕਾਂਗਰਸ ਵੀ ਹੱਥ-ਪੈਰ ਮਾਰਨ ਵਿੱਚ ਲੱਗੀ ਹੋਈ ਹੈ ਪਰ ਏ.ਸੀ. ਕਮਰਿਆਂ ਵਿੱਚ ਬੈਠ ਕੇ ਰਾਜਨੀਤੀ ਕਰਨ ਵਾਲੀ ਕਾਂਗਰਸ ਆਮ ਲੋਕਾਂ ਤੋਂ ਕੋਹਾਂ ਦੂਰ ਹੈ। ਅਭੈ ਚੌਟਾਲਾ ਨੇ ਕਿਹਾ ਕਿ ਇਸ ਸਮੇਂ ਇਨ੍ਹਾਂ ਸਾਰੀਆਂ ਪਾਰਟੀਆਂ ਤੋਂ ਹਰ ਵਰਗ ਦੁਖੀ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਜ਼ਮੀਨ ‘ਤੇ ਭਾਜਪਾ ਅਤੇ ਕਾਂਗਰਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ ਅਤੇ ਇਨ੍ਹਾਂ ਪਾਰਟੀਆਂ ਦੇ ਲੋਕ ਸਿਰਫ ਅਖਬਾਰਾਂ ‘ਚ ਹੀ ਰਹਿ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਨੈਲੋ ਦੀ ਸਰਕਾਰ ਬਣਨ ‘ਤੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਵੇਗੀ।