ਨਿੱਜੀ ਪੱਤਰ ਪ੍ਰੇਰਕ
ਸਿਰਸਾ, 31 ਮਈ
ਭਾਜਪਾ-ਜਜਪਾ ’ਚ ਰਾਜ ਸਭਾ ਦੀਆਂ ਚੋਣਾਂ ਨੂੰ ਲੈ ਕੇ ਖਟਾਸ ਪੈਦਾ ਹੋ ਗਈ ਹੈ। ਜਜਪਾ ਵੱਲੋਂ ਰਾਜ ਸਭਾ ਲਈ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋਂਕਿ ਸਥਾਨਕ ਚੋਣਾਂ ਲਈ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇਥੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਜੈ ਸਿੰਘ ਚੌਟਾਲਾ ਤੇ ਪਾਰਟੀ ਦੇ ਸੂਬਾਈ ਸਕੱਤਰ ਨਿਸ਼ਾਨ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਉਂਜ ਭਾਜਪਾ ਤੇ ਜਜਪਾ ਗਠਬੰਧਨ ਦੀ ਸਰਕਾਰ ’ਤੇ ਕੋਈ ਫਰਕ ਨਹੀਂ ਪੈਣ ਦੀ ਗੱਲ ਕਹੀ ਗਈ ਹੈ। ਜਜਪਾ ਆਗੂ ਅਜੈ ਸਿੰਘ ਚੌਟਾਲਾ ਨੇ ਦੱਸਿਆ ਕਿ ਜਜਪਾ ਨਗਰ ਪਾਲਿਕਾ ਚੇਅਰਮੈਨ ਦੇ ਅਹੁਦੇ ਲਈ ਉਚਾਣਾ ਤੋਂ ਅਨਿਲ ਸ਼ਰਮਾ, ਘਰੌਂਡਾ ਤੋਂ ਵਿਨੋਦ ਪਾਲ, ਚੀਕਾ ਤੋਂ ਰੇਖਾ ਰਾਣੀ ਤੇ ਸ਼ਾਹਬਾਦ ਤੋਂ ਗੁਲਸ਼ਨ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਨਗਰ ਪਰਿਸ਼ਦ ਦੇ ਚੇਅਰਮੈਨ ਦੇ ਅਹੁਦੇ ਲਈ ਜੀਂਦ ਤੋਂ ਰਜਨੀ ਅਰੋੜਾ, ਬਹਾਦੁਰਗੜ੍ਹ ਤੋਂ ਕਵਿਤਾ ਰਾਠੀ, ਨਾਰਨੌਲ ਤੋਂ ਕਮਲੇਸ਼ ਸੈਣੀ ਤੇ ਭਿਵਾਨੀ ਤੋਂ ਸ਼ਮਾ ਮਾਨ ਨੂੰ ਉਮੀਦਵਾਰ ਬਣਾਇਆ ਹੈ। ਜਜਪਾ ਤੇ ਭਾਜਪਾ ਗਠਬੰਨ ਦੀ ਸਰਕਾਰ ਹੋਣ ਦੇ ਬਾਵਜੂਦ ਵੱਖ-ਵੱਖ ਉਮੀਦਵਾਰ ਉਤਾਰੇ ਜਾਣ ਦੇ ਸੁਆਲ ਦਾ ਜੁਆਬ ਦਿੰਦਿਆਂ ਚੌਟਾਲਾ ਨੇ ਕਿਹਾ ਕਿ ਜਜਪਾ ਇਮਾਨਦਾਰੀ ਨਾਲ ਗਠਬੰਧਨ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀ 15 ਦਿਨਾਂ ਦੇ ਗਠਬੰਨ ਦੀ ਸਰਕਾਰ ਦੱਸਦੇ ਸਨ ਪਰ ਇਹ ਪੰਜ ਸਾਲ ਚੱਲੇਗਾ। ਸ੍ਰੀ ਚੌਟਾਲਾ ਨੇ ਕਿਹਾ ਕਿ ਰਾਜ ਸਭਾ ਦੀ ਚੋਣ ਲਈ ਹਰਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਵਿਨੋਸ਼ ਸ਼ਰਮਾ ਦੇ ਪੁੱਤਰ ਕਾਰਤੀਕੇਯ ਸ਼ਰਮਾ ਨੂੰ ਜਜਪਾ ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ।