ਪੱਤਰ ਪ੍ਰੇਰਕ
ਸਿਰਸਾ, 24 ਜਨਵਰੀ
ਡੇਰਾ ਸਿਰਸਾ ਦੇ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ 25 ਜਨਵਰੀ ਨੂੰ ਡੇਰੇ ’ਚ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਡੇਰੇ ਨੂੰ ਜਾਣ ਵਾਲੇ ਰਾਹਾਂ ’ਤੇ ਕਈ ਥਾਈਂ ਪੁਲੀਸ ਨਾਕੇ ਲਾਏ ਗਏ ਹਨ। ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਡੇਰੇ ’ਚ ਹੋਣ ਵਾਲੇ ਸਮਾਗਮ ਵਿੱਚ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਸਿਆਸੀ ਆਗੂਆਂ ਦੇ ਵੀ ਸ਼ਾਮਲ ਹੋਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਸਿਆਸੀ ਜਾਣਕਾਰ ਇਸ ਸਮਾਗਮ ਨੂੰ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਵੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਹਮੇਸ਼ਾ ਤੋਂ ਚੋਣਾਂ ਵੇਲੇ ਵੱਡੇ ਇਕੱਠ ਕਰਕੇ ਸਿਆਸੀ ਆਗੂਆਂ ’ਤੇ ਦਬਾਅ ਬਣਾਉਂਦਾ ਰਿਹਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹੋਣ ਦੌਰਾਨ ਪੰਜਾਬ ਵਿਧਾਨ ਸਭਾ ਦੀਆਂ ਇਹ ਪਹਿਲੀਆਂ ਚੋਣਾਂ ਹਨ।