ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 22 ਅਗਸਤ
ਭਾਰਤਮਾਲਾ ਪ੍ਰਾਜੈਕਟ ਤਹਿਤ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇਅ ਦੇ ਨਿਰਮਾਣ ਕਾਰਜ ਵਿੱਚ ਉਸਾਰੀ ਐਵਾਰਡ ਨਾ ਮਿਲਣ ਕਰ ਕੇ ਅੱਜ 9 ਪਿੰਡਾਂ ਦੇ ਮਰਦ-ਔਰਤ ਕਿਸਾਨਾਂ ਨੇ ਸਬਡਿਵੀਜ਼ਨ ਕੰਪਲੈਕਸ ਦਾ ਘਿਰਾਓ ਕੀਤਾ। ਇਸ ਮੌਕੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਪੁਲੀਸ ਬਲ ਮੌਜੂਦ ਸੀ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਾਲੇ ਹਲਕੀ ਝੜਪ ਵੀ ਹੋਈ। ਉਪਰੰਤ ਐਸ.ਡੀ.ਐਮ ਦਫ਼ਤਰ ਵਿੱਚ ਐਸ.ਡੀ.ਐਮ ਰਾਜੇਸ਼ ਪੁੁੂਨੀਆ, ਤਹਿਸੀਲਦਾਰ ਭੁਵਨੇਸ਼ ਕੁਮਾਰ, ਵੀਆਰਸੀ ਨਿਰਮਾਣ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਉਧਮ ਸਿੰਘ ਅਤੇ ਕੌਮੀ ਸ਼ਾਹ ਰਾਹ ਅਥਾਰਿਟੀ ਦੇ ਅਧਿਕਾਰੀਆਂ ਨਾਲ ਲੰਮੀ ਗੱਲਬਾਤ ਹੋਈ।ਰਾਕੇਸ਼ ਫਾਗੋੜੀਆ ਦੀ ਅਗਵਾਈ ਹੇਠ ਕਿਸਾਨਾਂ ਨੇ ਜ਼ਿਲ੍ਹਾ ਰੈਵੇਨਿਊ ਅਧਿਕਾਰੀ ਅਤੇ ਕੌਮੀ ਸ਼ਾਹ ਰਾਹ ਅਥਾਰਿਟੀ ‘ਤੇ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਜਾਂ ਉਸਾਰੀਆਂ ਐਕਵਾਇਰ ਨਹੀਂ ਹੋਈ ਹੈ, ਉਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਕਰੋੜਝਾਂ ਰੁਪਏ ਦੇ ਐਵਾਰਡ ਜਾਰੀ ਕਰ ਦਿੱਤੇ ਗਏ ਹਨ। ਦੂਜੇ ਪਾਸੇ ਜਿਨ੍ਹਾਂ ਦੀ ਜ਼ਮੀਨ ਐਕੁਆਇਰ ਹੋਈ ਹੈ, ਉਨ੍ਹਾਂ ਨੂੰ ਅੱਜ ਤੱਕ ਐਵਾਰਡ ਨਹੀਂ ਮਿਲਿਆ। ਜ਼ਮੀਨਦੋਜ਼ ਟਿਊਬਵੈੱਲ ਦੀ ਪਾਈਪ ਪਾਉਣ ਦੀ ਥਾਂ ਸਕਤਾਖੇੜਾ ‘ਚ ਕੌਮੀ ਸ਼ਾਹ ਰਾਹ ਅਥਾਰਿਟੀ ਅਤੇ ਠੇਕੇਦਾਰ ਕੰਪਨੀ ਨੇ ਕਰੀਬ ਤੀਹ ਲੱਖ ਰੁਪਏ ਦੀ ਕਥਿਤ ਗੜਬੜੀ ਕਰਦਿਆਂ ਕਿਸਾਨਾਂ ਤੋਂ ਇਸ ਦੀ ਵਸੂਲੀ ਕੀਤੀ ਹੈ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਐਵਾਰਡ ਜਾਰੀ ਕਰਨ ਲਈ ਡੀਆਰਓ ਸਿਰਸਾ ਕਿਸਾਨਾਂ ਤੋਂ ਹਲਫ਼ੀਆ ਬਿਆਨ ਮੰਗ ਰਹੇ ਹਨ। ਇਸ ਮੌਕੇ ਐਸ.ਡੀ.ਐਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਤਾਰੀਖ ਮਿੱਥ ਕੇ ਐਵਾਰਡ ਜਾਰੀ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਪਾਈਪ ਲਾਈਨ ਪਾਉਣ ਲਈ ਰੁਪਏ ਵਸੂਲਣ ਵਾਲੇ ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਧਰ, ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਛੇਤੀ ਇੱਕਮੁਸ਼ਤ ਐਵਾਰਡ ਜਾਰੀ ਨਹੀਂ ਹੋਇਆ ਤਾਂ ਉਸਾਰੀਅਧੀਨ ਹਾਈਵੇਅ ਦਾ ਕੰਮ ਰੋਕ ਦਿੱਤਾ ਜਾਵੇਗਾ।