ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 7 ਮਾਰਚ
ਉਸਾਰੀਅਧੀਨ ਐੱਨਐੱਚ 754-ਕੇ ਅਤੇ ਐੱਨਐੱਚ 54 ਬਾਰੇ ਵਾਟਰ ਵਰਕਸ ਟੈਂਕੀ ਸਮਝੌਤਾ ਲਾਗੂ ਨਾ ਹੋਣ ਖਿਲਾਫ਼ ਸੰਘਰਸ਼ ’ਤੇ ਡਟੇ 9 ਪਿੰਡਾਂ ਦੇ ਕਿਸਾਨਾਂ ਨੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਪੁਤਲੇ ਦੀ ਅਰਥੀ ਯਾਤਰਾ ਕੱਢੀ ਤੇ ਬਾਅਦ ’ਚ ਪੁਤਲੇ ਨੂੰ ਰਾਜਸਥਾਨ ਨਹਿਰ ’ਚ ਪ੍ਰਵਾਹਿਤ ਕਰ ਦਿੱਤਾ। ਇਸ ਮੌਕੇ ਕਿਸਾਨਾਂ ਨੇ ਨਿਤਿਨ ਗਡਕਰੀ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਦੱਸਣਯੋਗ ਹੈ ਕਿ ਹਲਕੇ ਦੇ 9 ਪਿੰਡਾਂ ਦੇ ਬੀਤੇ ਛੇ ਦਿਨਾਂ ਤੋਂ ਬਕਾਇਆ ਮੰਗਾਂ ਲਈ ਅਬੁੱਬਸ਼ਹਿਰ ’ਚ ਐੱਨਐੱਚਏਆਈ ਪਲਾਂਟ ਦੇ ਅੱਗੇ ਪੱਕਾ ਮੋਰਚਾ ਲਗਾ ਕੇ ਡਟੇ ਹੋਏ ਹਨ। ਇਸ ਮੌਕੇ ਆਗੂਆਂ ਕਾਮਰੇਡ ਰਾਕੇਸ਼ ਫਗੋੜੀਆ, ਰਾਜੀਵ ਘੋਡੇਲਾ ਅਤੇ ਦਇਆਰਾਮ ਉਲਾਨੀਆ ਨੇ ਕਿਹਾ ਕਿ ਭਾਜਪਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਐਕਸਪ੍ਰੈਸ ਹਾਈਵੇਅ ‘ਚ ਆਪਣੇ ਪੂੰਜੀਪਤੀ ਦੋਸਤਾਂ ਦੇ ਘਰ ਭਰਨ ਲਈ ਕਿਸਾਨਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਲਗਾਤਾਰ ਪੁਤਲੇ ਸਾੜ ਰਹੇ ਹਨ, ਪਰ ਡਿਪਟੀ ਪ੍ਰਸ਼ਾਸਨ ਨੇ ਧਰਨੇ ‘ਤੇ ਪੁੱਜ ਕੇ ਉਨ੍ਹਾਂ ਦੀ ਵਿੱਥਿਆ ਸੁਣਨਾ ਜ਼ਰੂਰੀ ਨਹੀਂ ਸਮਝਿਆ। ਕਿਸਾਨਾਂ ਨੇ ਕਿਹਾ ਕਿ ਹੱਕੀ ਮੰੰਗਾਂ ਅਤੇ ਐਵਾਰਡ ਖਾਤਿਆਂ ’ਚ ਨਾ ਪਾਉਣ ਤੱਕ ਆਰ-ਪਾਰ ਦੀ ਲੜਾਈ ਜਾਰੀ ਰਹੇਗੀ। ਇਸ ਮੌਕੇ ਕਿਸਾਨ ਮੋਹਣ ਲਾਲ ਭਾਂਬੂ, ਇੰਦਰ ਸਿੰਘ, ਕੁਲਦੀਪ ਭਾਦੂ, ਸੁਸ਼ੀਲ ਖੀਚੜ ਅਤੇ ਵੱਡੀ ਗਿਣਤੀ ’ਚ ਕਿਸਾਨ ਨੌਜਵਾਨ ਮੌਜੂਦ ਸਨ।