ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਅਗਸਤ
ਭਾਰਤ ਮਾਲਾ ਪ੍ਰਾਜੈਕਟ ਤਹਿਤ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ ਹਾਈਵੇਅ ਨਿਰਮਾਣ ਵਿੱਚ ਖੇਤਰ ਦੇ ਕਿਸਾਨਾਂ ਦੀਆਂ ਸੰਰਚਨਾ ਐਵਾਰਡ ਨਾ ਦਿੱਤੇ ਜਾਣ ਖ਼ਿਲਾਫ਼ ਅਤੇ ਹੱਕੀ ਮਸਲਿਆਂ ਲਈ ਰਾਸ਼ਟਰੀ ਕਿਸਾਨ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਭਾਟੀ ਅੱਜ ਠੇਕੇਦਾਰ ਕੰਪਨੀ ਦੇ ਅਬੂਬਸ਼ਹਿਰ ਪਲਾਂਟ ਦੇ ਮੁੱਖ ਗੇਟ ਮੂਹਰੇ ਮਰਨ ਵਰਤ ’ਤੇ ਬੈਠ ਗਏ, ਜਿਸ ਨਾਲ ਪਲਾਂਟ ਦਾ ਨਿਰਮਾਣ ਕਾਰਜ ਲਗਪਗ ਠੱਪ ਹੋ ਗਿਆ। ਸੜਕ ਨਿਰਮਾਣ ਕਾਰਜ ਲਈ ਪਲਾਂਟ ਵਿੱਚ ਰੋਜ਼ਾਨਾ ਵਰਤੇ ਜਾਂਦੇ ਕਰੀਬ 70-80 ਟਰੱਕਾਂ ਦੀ ਆਵਾਜਾਈ ਵੀ ਰੁਕ ਗਈ ਹੈ। ਤਹਿਸੀਲਦਾਰ ਭੁਵਨੇਸ਼ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਅਮਲਾ ਕਿਸਾਨ ਆਗੂ ਨਾਲ ਗੱਲਬਾਤ ਲਈ ਪੁੱਜਿਆ, ਪਰ ਇਸ ਦੌਰਾਨ ਕੌਮੀ ਮਾਰਗ ਅਥਾਰਿਟੀ ਦੇ ਉੱਚ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਮੀਟਿੰਗ ਬੇਸਿੱਟਾ ਰਹੀ।
ਕਿਸਾਨ ਆਗੂ ਨੇ ਐਲਾਨ ਕੀਤਾ ਕਿ ਕੌਮੀ ਮਾਰਗ ਅਥਾਰਿਟੀ ਖੇਤਰ ਦੇ ਨੌਂ ਪਿੰਡਾਂ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ’ਤੇ ਖ਼ਰੀ ਨਹੀਂ ਉਤਰੀ, ਇਸ ਕਰ ਕੇ ਉਹ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ’ਤੇ ਡਟੇ ਰਹਿਣਗੇ। ਸ੍ਰੀ ਭਾਟੀ ਨੇ ਕਿਹਾ ਕਿ ਐਕਸਪ੍ਰੈਸ ਹਾਈਵੇਅ ਦੇ ਨਿਰਮਾਣ ਨਾਲ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਸ਼ਾਹਰਾਹ ਅਥਾਰਿਟੀ ਖੇਤਾਂ ’ਚ ਸਿੰਜਾਈ ਲਈ ਪਾਣੀ ਲੰਘਾਉਣ ਵਾਸਤੇ ਸੜਕ ਹੇਠਾਂ ਖਾਲਿਆਂ ’ਚ ਗੋਲ ਪਾਈਪ ਪਾਉਣਾ ਚਾਹੁੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਪਾਈਪ ਸਫ਼ਾਈ ਵਿੱਚ ਵੱਡੀ ਦਿੱਕਤ ਪੇਸ਼ ਆਵੇਗੀ। ਇਸੇ ਤਰ੍ਹਾਂ ਅਥਾਰਿਟੀ ਵੱਲੋਂ ਨਵੀਂ ਗ੍ਰਹਿਣ ਜ਼ਮੀਨ (ਗ੍ਰੀਨ ਫੀਲਡ) ’ਤੇ ਸਰਵਿਸ ਲੇਨ ਨਹੀਂ ਬਣਾਈ ਜਾ ਰਹੀ ਜਦਕਿ ਸਥਾਨਕ ਜ਼ਿੰਦਗੀ ਨੂੰ ਸੁਚਾਰੂ ਬਣਾਉਣ ਲਈ ਸਰਵਿਸ ਲੇਨ ਦਾ ਨਿਰਮਾਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਂ ਪਿੰਡਾਂ ਦੇ ਸੰਰਚਨਾ ਐਵਾਰਡ ਵਿੱਚ ਬਹੁਤ ਖਾਮੀਆਂ ਹਨ। ਸ਼ਾਹਰਾਹ ਅਥਾਰਿਟੀ ਵੱਲੋਂ ਮਨਮਰਜ਼ੀ ਨਾਲ ਪਾਈਪ ਅਤੇ ਦਰੱਖਤਾਂ ਨੂੰ ਸੰਰਚਨਾ ਐਵਾਰਡ ਵਿੱਚ ਨਹੀਂ ਸ਼ਾਮਲ ਕੀਤਾ ਗਿਆ ਜਦਕਿ ਟਿਊਬਵੈੱਲ, ਮਕਾਨ ਅਤੇ ਹੋਰ ਉਸਾਰੀਆਂ ਦਾ ਸਰਵੇਖਣ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਸਿਰਫ਼ ਚੌਟਾਲਾ ਪਿੰਡ ਦਾ ਸੰਰਚਨਾ ਐਵਾਰਡ 17 ਕਰੋੜ ਰੁਪਏ ਦੇ ਕਰੀਬ ਬਣਦਾ ਹੈ।
ਉਨ੍ਹਾਂ ਸੜਕ ਦੇ ਦੋਵੇਂ ਪਾਸੇ ਕਿਸਾਨਾਂ ਦੀ ਟੁੱਕੜਿਆਂ ਵਿੱਚ ਕਿਸਾਨਾਂ ਦੀ ਚਾਰ ਕਨਾਲ ਤੱਕ ਬਚੀ ਜ਼ਮੀਨ ਨੂੰ ਗ੍ਰਹਿਣ ਕਰਨ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਜਥੇਦਾਰ ਮਲਕੀਤ ਸਿੰਘ ਖਾਲਸਾ, ਲਾਭ ਸਿੰਘ ਮਟਦਾਦੂ, ਗੁਰਪ੍ਰੇਮ ਸਿੰਘ ਦੇਸੂਜੋਧਾ, ਸੁਖਵਿੰਦਰ ਸਿੰਘ ਚੰਦੀ ਆਦਿ ਆਗੂ ਤੇ ਵਰਕਰ ਵੀ ਮੌਜੂਦ ਸਨ।