ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਜੁਲਾਈ
ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੇ ਵਿਰੋਧ ਵਿਚ ਅੱਜ ਭਾਕਿਯੂ ਕਾਰਕੁਨਾਂ ਨੇ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਾਲ ਮਾਜਰਾ ਦੀ ਅਗਵਾਈ ਵਿਚ ਬਾਬੈਨ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਕਿਯੂ ਨੇਤਾ ਕਲਾਲ ਮਾਜਰਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਉਦੋਂ ਤੱਕ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 15 ਅਗਸਤ ਸਾਡਾ ਰਾਸ਼ਟਰੀ ਤਿਉਹਾਰ ਹੈ ਜਿਸ ਦਾ ਅਸੀਂ ਸਨਮਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਕਿਯੂ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਸੰਦਰਭ ਵਿਚ ਹੋਣ ਵਾਲੇ ਕਿਸੇ ਵੀ ਸਰਕਾਰੀ ਪ੍ਰੋਗਰਾਮ ਦਾ ਵਿਰੋਧ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਭਾਕਿਯੂ ਕਾਰਕੁਨਾਂ ਦਾ ਮੋਟਰਸਾਈਕਲਾਂ ’ਤੇ ਵਿਸ਼ਾਲ ਕਾਫਲਾ ਭਾਕਿਯੂ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਦਿੱਲੀ ਰਵਾਨਾ ਹੋਵੇਗਾ ਜਿਥੇ ਸਾਰੇ ਕਿਸਾਨ ਸਿੰਘੂ ਬਾਰਡਰ ’ਤੇ ਜਾ ਕੇ ਰਾਸ਼ਟਰੀ ਤਿੰਰਗਾ ਲਹਿਰਾ ਕੇ ਆਪਣਾ ਰਾਸ਼ਟਰੀ ਤਿਉਹਾਰ ਮਨਾਉਣਗੇ। ਉਹ ਅੱਜ ਇੱਥੇ ਭਾਕਿਯੂ ਕਾਰਕੁਨਾਂ ਨਾਲ ਬੈਠਕ ਤੋਂ ਬਾਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਪ੍ਰੀਖਿਆ ਲੈਣ ਦੀ ਥਾਂ ਕਿਸਾਨਾਂ ਦਾ ਸਨਮਾਨ ਕਰੇ ਤੇ ਤੁਰੰਤ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਇਸ ਮੌਕੇ ਲਾਲ ਸਿੰਘ ਚਕਚਾਨ ਪੁਰ, ਸੁਖਵਿੰਦਰ ਸਿੰਘ ਭੁਖੱੜੀ, ਜੈ ਪਾਲ ਸਿੰਘ ਲਖਮੜੀ, ਜੈ ਕੁਮਾਰ, ਜਗੀਰ ਸਿੰਘ, ਗੁਰਦਿਆਲ ਸਿੰਘ, ਧਰਮ ਪਾਲ , ਓਮ ਪ੍ਰਕਾਸ਼, ਸੰਨੀ ਧੰਨਾਨੀ ਮੌਜੂਦ ਸਨ।