ਸ਼ਾਹਬਾਦ ਮਾਰਕੰਡਾ: ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਕਿਹਾ ਹੈ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਨੌਜਵਾਨਾਂ ਦਾ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਜ਼ਿਆਦਾ ਹੁੰਦਾ ਹੈ ਤੇ ਆਪਸ ਵਿੱਚ ਖੇਡਣ ਨਾਲ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ। ਖੇਡਣ ਵਾਲੇ ਨੌਜਵਾਨਾਂ ਮਾਨਸਿਕ ਤਣਾਅ ਤੋਂ ਦੂਰ ਰਹਿੰਦੇ ਹਨ। ਸਰਕਾਰ ਨੇ ਵੀ ਵਿਸ਼ਵ ਪੱਧਰੀ ਮੁਕਾਬਲੇ ਜਿੱਤਣ ਵਾਲੇ ਖਿਡਾਰੀਆਂ ਲਈ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਾਬਕਾ ਹੁੱਡਾ ਸਰਕਾਰ ਨੇ ਖੇਡਾਂ ਨੂੰ ਸੂਬੇ ਵਿੱਚ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਖਿਡਾਰੀਆਂ ਨੂੰ ਇਨਾਮ, ਨੌਕਰੀਆਂ ਤੇ ਹੋਰ ਸੁਵਿਧਾਵਾਂ ਦੇਣ ਦੇ ਯਤਨ ਕੀਤੇ ਸਨ, ਉਸੇ ਦੀ ਬਦੌਲਤ ਅੱਜ ਸੂਬੇ ਵਿੱਚ ਖਿਡਾਰੀਆਂ ਨੇ ਕਈ ਵਿਸ਼ਵ ਪੱਧਰੀ ਖੇਡਾਂ ਵਿੱਚ ਮੈਡਲ ਜਿੱਤੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡਾਂ ਦੇ ਪ੍ਰਬੰਧ ਨਾਲ ਪਿੰਡ ਦੇ ਨੌਜਵਾਨਾਂ ਵਿੱਚ ਛੁਪੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਪਿੰਡ ਪੰਚਾਇਤਾਂ, ਖੇਡ ਸੰਸਥਾਵਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਖੇਡ ਮੁਕਾਬਲੇ ਕਰਵਾਉਣ ਤਾਂ ਜੋ ਚੰਗੇ ਖਿਡਾਰੀਆਂ ਨੂੰ ਅਗੇ ਆਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਦਿਨ ਰਾਤ ਮੈਚ ਖੇਡੇ ਜਾਣਗੇ। -ਪੱਤਰ ਪ੍ਰੇਰਕ