ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਅਕਤੂਬਰ
ਇੱਥੋਂ ਦੇ ਭਾਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰਹਿਲਾਦਪੁਰ ਵਿੱਚ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਖਾਤਰ ਦੀਵਾਲੀ ਮੇਲਾ ਲਾਇਆ ਗਿਆ।
ਮੇਲੇ ਦਾ ਉਦਘਾਟਨ ਕੁਰੂਕਸ਼ੇਤਰ ਦੀ ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ ਨੇ ਕੀਤਾ ਤੇ ਪ੍ਰਧਾਨਗੀ ਭਾਜਪਾ ਦੀ ਜ਼ਿਲ੍ਹਾ ਮੀਤ ਪ੍ਰਧਾਨ ਰੀਨਾ ਸੈਣੀ ਨੇ ਕੀਤੀ। ਸਕੂਲ ਵਿਚ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਵਾਲੇ ਕਈ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੀਵਾਲੀ ਪੂਜਨੀਕ ਤਿਉਹਾਰ ਹੈ ਤੇ ਇਸ ਦਿਨ ਭਗਵਾਨ ਰਾਮ ਰਾਵਣ ’ਤੇ ਜਿੱਤ ਪ੍ਰਾਪਤ ਕਰ ਅਯੁੱਧਿਆ ਵਾਪਸ ਆਏ ਸਨ। ਉਨ੍ਹਾਂ ਕਿਹਾ ਕਿ ਆਪਣੇ ਅੰਦਰ ਕਦੇ ਹੰਕਾਰ ਨਹੀਂ ਆਉਣਾ ਚਾਹੀਦਾ।
ਸੈਣੀ ਨੇ ਕਿਹਾ ਕਿ ਅੱਜ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਕਈ ਜਾਨ ਲੇਵਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਅਜਿਹੇ ਵਿਚ ਸਾਨੂੰ ਬੱਚਿਆਂ ਨੂੰ ਪਟਾਕੇ ਆਦਿ ਨਹੀਂ ਦਿਵਾਉਣੇ ਚਾਹੀਦੇ, ਬਲਕਿ ਸਿਰਫ ਦੀਵੇ ਜਗਾਉਣੇ ਚਾਹੀਦੇ ਹਨ ਤਾਂ ਜੋ ਬੱਚੇ ਕਿਸੇ ਘਟਨਾ ਦਾ ਸ਼ਿਕਾਰ ਨਾ ਹੋਣ ਤੇ ਬਿਮਾਰੀਆਂ ਤੋਂ ਸੁਰਖਿਅਤ ਰਹਿਣ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣਾ ਵਾਤਾਵਰਨ ਲਈ ਘਾਤਕ ਹੈ ਤੇ ਇਸ ਨਾਲ ਪ੍ਰਦੁਸ਼ਣ ਵਧਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਦੀ ਬਜਾਏ ਘਰ ਵਿੱਚ ਮਠਿਆਈਆਂ ਆਦਿ ਖਾ ਕੇ ਆਨੰਦ ਲਿਆ ਜਾ ਸਕਦਾ ਹੈ, ਪਰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।