ਰਤਨ ਸਿੰਘ ਢਿੱਲੋਂ
ਅੰਬਾਲਾ, 11 ਮਈ
ਅੰਬਾਲਾ ਛਾਉਣੀ ਦੇ ਡਿਫੈਂਸ ਕਲੋਨੀ ਗੁਰਦੁਆਰੇ ਵਿੱਚ ਅੱਜ ਇਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਦਾਖਲ ਹੋਇਆ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੇ ਪਵਿੱਤਰ ਸ਼ਸਤਰਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਘਟਨਾ ਵੇਲੇ ਗੁਰਦੁਆਰੇ ਵਿਚ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀ ਤੇ ਬੀਬੀਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਕੁੱਟਮਾਰ ਕੀਤੀ ਅਤੇ ਗੁਰਦੁਆਰਾ ਕਮੇਟੀ ਨੂੰ ਸੂਚਿਤ ਕੀਤਾ। ਇਸ ਮਗਰੋਂ ਪੰਜੋਖਰਾ ਸਾਹਿਬ ਥਾਣੇ ਤੋਂ ਐੱਸਐੱਚਓ ਅਜੀਤ ਸਿੰਘ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਨੌਜਵਾਨ ਨੂੰ ਆਪਣੇ ਨਾਲ ਲੈ ਗਏ।
ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਹ ਅੰਬਾਲਾ ਤੋਂ ਦੂਜੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਜਨੇਤਪੁਰ, ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ ਅਤੇ ਹੋਰ ਸਿੱਖ ਆਗੂਆਂ ਨਾਲ ਪੰਜੋਖਰਾ ਸਾਹਿਬ ਥਾਣੇ ਪਹੁੰਚੇ। ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿਚ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀ। ਸਵੇਰੇ 11 ਵਜੇ ਨੌਜਵਾਨ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਬੇਅਦਬੀ ਤੋਂ ਬਚਾਅ ਹੋ ਗਿਆ।
ਉਨ੍ਹਾਂ ਦੱਸਿਆ ਕਿ ਨੌਜਵਾਨ ਆਪਣਾ ਨਾਮ ਅਨਿਲ ਕੁਮਾਰ ਪਾਸਵਾਨ ਦੱਸ ਰਿਹਾ ਹੈ। ਕਦੇ ਉਹ ਆਪਣੇ ਆਪ ਨੂੰ ਬਿਹਾਰ ਦਾ ਦੱਸਦਾ ਹੈ ਅਤੇ ਕਦੇ ਕਸ਼ਮੀਰ ਤੋਂ ਆਇਆ ਦੱਸਦਾ ਹੈ। ਨੌਜਵਾਨ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਨਾਲ ਪੰਜ ਹੋਰ ਸਾਥੀ ਵੀ ਆਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖ਼ਬਰ ਲਿਖਣ ਤੱਕ ਪੁਲੀਸ ਨੇ ਮਾਮਲਾ ਦਰਜ ਨਹੀਂ ਕੀਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਮਾਮਲੇ ਦੀ ਜਾਂਚ ਸੀਆਈਏ ਨੂੰ ਸੌਂਪੀ ਜਾ ਰਹੀ ਹੈ। ਪਾਲੀ ਨੇ ਦੱਸਿਆ ਕਿ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ।