ਜਗਤਾਰ ਸਮਾਲਸਰ
ਏਲਨਾਬਾਦ, 21 ਜੁਲਾਈ
ਇੱਥੋਂ ਦੀ ਬੇਹਰਵਾਲਾ ਰੋਡ ’ਤੇ ਸਥਿਤ ਨਰਮੇ ਦੇ ਖੇਤ ਵਿੱਚ ਮੀਲੀਬੱਗ ਬਿਮਾਰੀ ਦਾ ਹਮਲਾ ਹੋਣ ਕਾਰਨ ਨਿਰਾਸ਼ ਹੋਏ ਕਿਸਾਨ ਨੇ ਆਪਣੀ 7 ਏਕੜ ਵਿੱਚ ਖੜੀ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ।
ਕਿਸਾਨ ਬਿਰਜ ਲਾਲ ਨੇ ਦੱਸਿਆ ਕਿ ਉਸ ਨੇ ਆਪਣੇ ਨਰਮੇ ਦੀ ਫ਼ਸਲ ਵਿੱਚੋਂ ਇਸ ਬਿਮਾਰੀ ਨੂੰ ਖਤਮ ਕਰਨ ਲਈ ਕਰੀਬ 40 ਹਜ਼ਾਰ ਦੀਆਂ ਸਪਰੇਆਂ ਕਰ ਦਿੱਤੀਆਂ ਹਨ ਪਰ ਕੋਈ ਫਰਕ ਨਹੀ ਪਿਆ, ਸਗੋਂ ਬਿਮਾਰੀ ਦਿਨੋਂ-ਦਿਨ ਵਧ ਰਹੀ ਹੈ ਅਤੇ ਨਰਮਾ ਕਾਲਾ ਹੋ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਇਹ ਘਟੀਆ ਕੁਆਲਿਟੀ ਦੇ ਬੀਜ ਕਾਰਨ ਹੋਇਆ ਹੈ। ਖੇਤੀਬਾੜੀ ਵਿਭਾਗ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਸ-ਪਾਸ ਦੇ ਖੇਤਾਂ ਵਿੱਚ ਵੀ ਪਹਿਲਾ ਨਰਮੇ ਦੀ ਫ਼ਸਲ ਮੀਲੀਬੱਗ ਨਾਮ ਦੀ ਬਿਮਾਰੀ ਕਾਰਨ ਨਸ਼ਟ ਹੋ ਚੁੱਕੀ ਹੈ। ਇਸ ਕਾਰਨ ਕਈ ਕਿਸਾਨਾਂ ਨੇ ਨਰਮੇ ਦੀ ਫ਼ਸਲ ਵਾਹ ਕੇ ਉੱਥੇ ਝੋਨੇ ਦੀ ਬਿਜਾਈ ਕਰ ਦਿੱਤੀ ਹੈ। ਕਿਸਾਨਾਂ ਨੇ ਆਖਿਆ ਕਿ ਫ਼ਸਲ ਖਰਾਬ ਹੋਣ ਨਾਲ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਘਟੀਆ ਕੁਆਲਿਟੀ ਦੇ ਬੀਜ ਵੇਚਣ ਵਾਲੇ ਦੁਕਾਨਦਾਰਾਂ ਤੇ ਸਖ਼ਤ ਕਾਰਵਾਈ ਕਰੇ ਤੇ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।