ਪੱਤਰ ਪ੍ਰੇਰਕ
ਰਤੀਆ, 13 ਜੁਲਾਈ
ਪਿੰਡ ਬੀਰਾਂਵਦੀ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਨੇ ਪਿੰਡ ਦੇ ਅਮਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪਰਿਵਾਰ ਦੇ ਵਿਅਕਤੀਆਂ ਗਗਨਦੀਪ ਉਰਫ ਗੱਗੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਿੰਦੂ, ਲਛਮਣ ਅਤੇ ਉਸ ਦੀ ਪਤਨੀ ਸੁਰਜੀਤ ਕੌਰ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੋਟਰਸਾਈਕਲ ਮੈਕੇਨਿਕ ਹੈ। ਕੱਲ ਉਸ ਕੋਲ ਪਿੰਡ ਦਾ ਜਸਵੀਰ ਸਿੰਘ ਆਇਆ ਤਾਂ ਇਸੇ ਦੌਰਾਨ ਪਿੰਡ ਦਾ ਗਗਨਦੀਪ ਸਿੰਘ ਉਰਫ ਗੱਗੀ ਵੀ ਉਸ ਦੇ ਘਰ ਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਸਵੀਰ ਸਿੰਘ ਅਤੇ ਗਗਨਦੀਪ ਸਿੰਘ ਦਾ ਕੋਈ ਪੈਸਿਆਂ ਦਾ ਲੈਣ ਦੇਣ ਦਾ ਹਿਸਾਬ ਸੀ ਅਤੇ ਦੋਵੇਂ ਆਪਸ ਵਿੱਚ ਹਿਸਾਬ ਕਰਨ ਲੱਗ ਗਏ। ਕੁੱਝ ਸਮੇਂ ਬਾਅਦ ਹਿਸਾਬ ਕਰਦੇ ਕਰਦੇ ਗਗਨਦੀਪ ਸਿੰਘ ਇਕ ਦਮ ਗੁੱਸੇ ’ਚ ਆ ਗਿਆ ਅਤੇ ਜਸਵੀਰ ਸਿੰਘ ਨਾਲ ਝਗੜਾ ਕਰਨ ਲੱਗਿਆ। ਇਸ ਝਗੜੇ ਨੂੰ ਦੇਖਦੇ ਹੋਏ ਉਸ ਨੇ ਗਗਨਦੀਪ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਆਪਣੇ ਘਰ ਜਾਣ ਲਈ ਬੋਲ ਦਿੱਤਾ।
ਅਮਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਇਕ ਵਾਰ ਤਾਂ ਗਗਨਦੀਪ ਭੜਕ ਕੇ ਉਥੋਂ ਚਲਾ ਗਿਆ ਅਤੇ ਕੁੱਝ ਦੇਰ ਬਾਅਦ ਉਹ ਗੁਰਪ੍ਰੀਤ, ਹਰਪ੍ਰੀਤ, ਜਿੰਦੂ, ਲਛਮਣ ਅਤੇ ਸਰਵਜੀਤ ਕੌਰ ਆਦਿ ਨੂੰ ਨਾਲ ਲੈ ਆਇਆ। ਇਨ੍ਹਾਂ ਸਾਰਿਆਂ ਨੇ ਆਉਂਦੇ ਹੀ ਡੰਡਿਆਂ ਨਾਲ ਵਾਰ ਕਰ ਦਿੱਤਾ, ਜਿਸ ਦੇ ਚੱਲਦੇ ਉਸ ਦੇ ਸਿਰ ਵਿੱਚ ਸੱਟ ਲੱਗੀ। ਉਸ ਦੇ ਨਾਲ ਆਏ ਹੋਰ ਲੋਕਾਂ ਨੇ ਵੀ ਡੰਡਿਆਂ ਨਾਲ ਉਸ ’ਤੇ ਵਾਰ ਕੀਤੇ ਅਤੇ ਇਸ ਨੂੰ ਦੇਖ ਕੇ ਉਸ ਦੀ ਮਾਸੀ ਰਾਣੀ ਜੋ ਘਰ ਵਿੱਚ ਆਈ ਹੋਈ ਸੀ ਅਤੇ ਭੈਣ ਕੁਲਵਿੰਦਰ ਕੌਰ ਆਦਿ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਨੇ ਰੌਲਾ ਪਾਇਆ ਤਾਂ ਪਰਿਵਾਰ ਦੇ ਹੋਰ ਰਿਸ਼ਤੇਦਾਰ ਉੱਥੇ ਆ ਗਏ ਅਤੇ ਉਨ੍ਹਾਂ ਵੀ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜ਼ਖਮੀਆਂ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ।