ਪੱਤਰ ਪ੍ਰੇਰਕ
ਏਲਨਾਬਾਦ, 12 ਜੁਲਾਈ
ਪਿੰਡ ਵਣੀ ਅਤੇ ਨਥੋਰ ਵਿੱਚ ਕਰੀਬ ਦੋ ਹਫ਼ਤੇ ਪਹਿਲਾਂ ਪਏ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੀ ਸਰਕਾਰ ਵਲੋਂ ਅਜੇ ਤੱਕ ਕੋਈ ਗਿਰਦਾਵਰੀ ਆਦਿ ਨਾ ਕਰਵਾਏ ਜਾਣ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਅੱਜ ਕਿਸਾਨੀ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਆਤਮਾ ਰਾਮ ਝੋਰੜ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਸਰਵਨ ਕੁਮਾਰ, ਬਿਰਜ ਲਾਲ, ਮਿੱਠੂ ਰਾਮ, ਕੈਲਾਸ਼ ਚੰਦ, ਜਗਦੀਸ਼ ਆਦਿ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਪਏ ਭਾਰੀ ਮੀਂਹ ਕਾਰਨ ਪਿੰਡ ਵਣੀ ਤੇ ਨਥੋਰ ਵਿੱਚ ਸੈਂਕੜੇ ਏਕੜ ਜ਼ਮੀਨ ਵਿੱਚ ਖੜ੍ਹੀ ਨਰਮੇ, ਕਪਾਹ, ਗੁਆਰੇ ਅਤੇ ਹਰੇ ਚਾਰੇ ਦੀ ਫ਼ਸਲ ਬਰਬਾਦ ਹੋ ਗਈ ਸੀ। ਉਸ ਸਮੇਂ ਹੀ ਕਿਸਾਨਾਂ ਨੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਕਿਸਾਨਾਂ ਕੋਲ ਨਹੀਂ ਪਹੁੰਚਿਆ ਹੈ। ਕਿਸਾਨਾਂ ਨੇ ਆਖਿਆ ਕਿ ਜੇ ਹਫ਼ਤੇ ਤੱਕ ਗਿਰਦਾਵਰੀ ਨਾ ਕਰਵਾਈ ਗਈ ਤਾਂ ਪਿੰਡ ਵਣੀ ਅਤੇ ਨਥੋਰ ਦੇ ਸੈਂਕੜੇ ਕਿਸਾਨ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ।