ਪੱਤਰ ਪ੍ਰੇਰਕ
ਰਤੀਆ, 13 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਖੇਤੀ ਬਚਾਓ) ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਐਡਵਾਂਸ ਵਿੱਚ ਜ਼ਿਆਦਾ ਗਰਮੀ ਹੋਣ ਕਾਰਨ ਕਣਕ ਦੀ ਫ਼ਸਲ ਦਾ ਝਾੜ 60-70 ਮਣ ਤੋਂ ਘੱਟ ਹੋ ਕੇ ਕੇਵਲ 35-40 ਮਣ ਪ੍ਰਤੀ ਏਕੜ ਰਹਿ ਗਿਆ ਹੈ। ਇਸ ਨਾਲ ਕਿਸਾਨ ਨੂੰ ਲਗਭਗ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ ਹੈ। ਅਜਿਹੇ ਹਾਲਾਤ ਵਿਚ ਪਹਿਲਾਂ ਹੀ ਕਰਜ਼ ਵਿਚ ਡੁੱਬੇ ਹੋਏ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਸਾਨ ਨੂੰ ਮੁਆਵਜ਼ੇ ਦੇ ਰੂਪ ਵਿੱਚ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦਿੱਤਾ ਜਾਵੇ, ਜਿਸ ਨਾਲ ਪੂਰੀ ਭਰਪਾਈ ਤਾਂ ਨਹੀਂ ਹੁੰਦੀ ਹੈ ਪਰ ਕੁੱਝ ਰਾਹਤ ਜ਼ਰੂਰ ਹੋਵੇਗੀ। ਇਸ ਤੋਂ ਇਲਾਵਾ ਫ਼ਸਲ ਦੀ ਇਕਦਮ ਆਮਦ ਨੂੰ ਦੇਖਦੇ ਹੋਏ ਅਨਾਜ ਮੰਡੀ ਵਿਚ ਕਣਕ ਉਤਾਰਨ ਲਈ ਜਗ੍ਹਾ ਖਾਲੀ ਨਹੀਂ ਮਿਲ ਰਹੀ ਹੈ। ਇਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਤੋਂ ਬਾਹਰ ਸ਼ੈਲਰਾਂ ਆਦਿ ਵਿਚ ਫਸਲ ਉਤਾਰਨ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨਾਲ ਫ਼ਸਲ ਦੀ ਸੁਰੱਖਿਆ ਵੀ ਬਣੀ ਰਹੇਗੀ ਅਤੇ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਫ਼ਸਲ ਉਤਾਰਨ ਲਈ ਸਰਕਾਰ ਨੇ ਯੋਗ ਸਥਾਨ ਉਪਲਬਧ ਨਾ ਕਰਵਾਇਆ ਤਾਂ ਕਿਸਾਨਾਂ ਨੂੰ ਮਜਬੂਰੀਵਸ ਆਪਣੀ ਫਸਲ ਸੜਕਾਂ ’ਤੇ ਉਤਾਰਨੀ ਪਵੇਗੀ।