ਪੱਤਰ ਪ੍ਰੇਰਕ
ਸ਼ਾਹਬਦ ਮਾਰਕੰਡਾ,11 ਫਰਵਰੀ
ਆਰੀਆ ਕੰਨਿਆ ਕਾਲਜ ਦੇ ਸੁਆਮੀ ਵਿਵੇਕਾਨੰਦ ਯੂਥ ਵਿੰਗ ਦੇ ਮੈਡੀਕਲ ਸੈੱਲ ਤੇ ਰੈੱਡ ਕਰਾਸ ਸੈੱਲ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਖੇਤਰ ਵਿਚ ਮਾਸਕ ਵੰਡੇ ਗਏ। ਇਸ ਤਹਿਤ ਕਾਲਜ ਦੀਆਂ ਵਿਦਿਆਰਥਣਾਂ ਨੇ ਥਾਂ ਥਾਂ ਮੁਫ਼ਤ ਮਾਸਕ ਵੰਡੇ ਤੇ ਸਿਹਤ ਤੰਦੁਰਸਤ ਰਹਿਣ ਦੇ ਨਾਲ ਨਾਲ ਲੋਕਾਂ ਨੂੰ ਕੋਵਿਡ ਟੀਕਾਕਰਨ ਲਈ ਵੀ ਪ੍ਰੇਰਿਆ। ਕਾਲਜ ਦੀ ਪ੍ਰਿੰਸੀਪਲ ਡਾ. ਸੁਨੀਤਾ ਪਾਹਵਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥਣਾਂ ਨੂੰ ਅਜਿਹੇ ਪ੍ਰੋਗਰਾਮਾਂ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅੱਜ ਜਦ ਸਾਰਾ ਦੇਸ਼ ਅਜੇ ਤੱਕ ਕਰੋਨਾ ਦੀ ਲਾਗ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕਿਆ, ਉਸੇ ਦੌਰਾਨ ਓਮੀਕਰੋਨ ਨਾਂ ਦਾ ਵਾਇਰਸ ਪੈਰ ਪਸਾਰ ਰਿਹਾ ਹੈ। ਇਸ ਤੋਂ ਬਚਾਅ ਲਈ ਲੋਕਾਂ ਨੂੰ ਸੁਚੇਤ ਤੇ ਜਾਗਰੂਕ ਰਹਿਣ ਦੀ ਲੋੜ ਹੈ। ਰੈੱਡ ਕਰਾਸ ਦੀ ਮੁਖੀ ਡਾ. ਪੁਸ਼ਪਾ ਸ਼ਰਮਾ ਤੇ ਹੇਮਾ ਮੁਖੀਜਾ ਨੇ ਸ਼ਹਿਰ ਵਾਸੀਆਂ ਨੂੰ ਮਾਸਕ ਲਾ ਕੇ ਰੱਖਣ ਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਸ਼ਾ ਗੁਪਤਾ, ਡਾ. ਪੂਨਮ ਸਿਵਾਚ ਮੌਜੂਦ ਸਨ।