ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਐੱਸਪੀ ਅੰਬਾਲਾ ਵੱਲੋਂ ਗਠਿਤ ਵਿਸ਼ੇਸ਼ ਟੀਮ ਨੇ ਨਸ਼ਾ ਤਸਕਰ ਦੀ ਸੂਚਨਾ ਦੇਣ ਦੇ ਇਵਜ਼ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਵਰਿੰਦਰ ਕੁਮਾਰ ਨਾਲ ਠੱਗੀ ਮਾਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪ੍ਰਦੀਪ ਨੇ ਐਂਟੀ ਨਾਰਕੋਟਿਕ ਸੈੱਲ ਅੰਬਾਲਾ ਦੇ ਇੰਚਾਰਜ ਸਬ-ਇੰਸਪੈਕਟਰ ਵਰਿੰਦਰ ਕੁਮਾਰ ਨੂੰ ਫੋਨ ਕਰਕੇ ਕਿਹਾ ਕਿ ਉਹ ਪੁਲੀਸ ਨੂੰ 30 ਕਿੱਲੋ ਗਾਂਜਾ ਲੈ ਕੇ ਜਾ ਰਹੇ ਮੁਲਜ਼ਮ ਬਾਰੇ ਸੂਚਨਾ ਦੇਵੇਗਾ ਬਸ਼ਰਤੇ ਪਹਿਲਾਂ 4500 ਰੁਪਏ ਪੇਅਟੀਐੱਮ ਕੀਤੇ ਜਾਣ। ਸਬ-ਇੰਸਪੈਕਟਰ ਨੇ 4500 ਰੁਪਏ ਤੁਰੰਤ ਉਸ ਦੇ ਖਾਤੇ ਵਿਚ ਪੁਆ ਦਿੱਤੇ ਪਰ ਮੁਲਜ਼ਮ ਸੂਚਨਾ ਦੇਣ ਦੇ ਨਾਂ ’ਤੇ ਟਾਲ-ਮਟੋਲ ਕਰਦਾ ਰਿਹਾ ਅਤੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ।