ਏਲਨਾਬਾਦ (ਜਗਤਾਰ ਸਮਾਲਸਰ): ਰਾਜਸਥਾਨ ਦੇ ਜ਼ਿਲ੍ਹੇ ਗੰਗਾਨਗਰ ਵਿੱਚ ਲਗਾਤਾਰ ਤਿੰਨ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਆਮ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਗੰਗਾਨਗਰ ਵਿਖੇ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਇਸ ਖੇਤਰ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਸ਼ਹਿਰ ਵਿੱਚ ਵੀ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਭਾਰੀ ਬਰਸਾਤ ਦੇ ਪਾਣੀ ਵਿੱਚ ਵਾਹਨ ਵੀ ਰੁੜ ਗਏ। ਸ਼ਹਿਰ ਵਿੱਚ ਪਾਣੀ ਨਿਕਾਸੀ ਦੇ ਦਾਅਵੇ ਫੇਲ੍ਹ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਆਰਮੀ ਦੀ ਮੱਦਦ ਲਈ ਜਾ ਰਹੀ ਹੈ। ਫੌਜ ਦੇ ਜਵਾਨਾਂ ਵਲੋਂ ਹੁਣ ਸ਼ਹਿਰ ਵਿੱਚ ਕਰੀਬ 100 ਪੰਪਾਂ ਨਾਲ ਪਾਣੀ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸ਼ਹਿਰ ਵਿੱਚ ਹਰ ਜਗ੍ਹਾਂ ਪਾਣੀ ਭਰਨ ਕਾਰਨ ਕਈ ਥਾਵਾਂ ਤੋਂ ਸੜਕਾਂ ਧਸ ਚੁੱਕੀਆਂ ਹਨ ਅਤੇ ਅਨੇਕ ਥਾਂਵਾਂ ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਵੀ ਸੜ ਗਏ ਹਨ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਰੁਕਮਣੀ ਰਿਆੜ ਸਿਹਾਗ ਵਲੋਂ ਹਾਲਾਤਾਂ ਨੂੰ ਦੇਖਦੇ ਹੋਏ ਅਗਾਮੀ ਸਮੇਂ ਤੱਕ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਗੰਗਾਨਗਰ ਵਿਖੇ ਹੁਣ ਤੱਕ ਜੁਲਾਈ ਮਹੀਨੇ ਦੌਰਾਨ ਹੋਈ ਬਰਸਾਤ ਦਾ ਪਿਛਲੇ 43 ਸਾਲ ਦਾ ਰਿਕਾਰਡ ਟੁੱਟ ਚੁੱਕਾ ਹੈ।